ਜੈਤੋ: ਰੇਲਵੇ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਰੇਲਵੇ ਬੋਰਡ ਨੇ ਕੇਟਰਿੰਗ ਸੇਵਾਵਾਂ ਦੇ ਸਾਰੇ ਪਹਿਲੂਆਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇੱਕ ਵਿਆਪਕ ਨਿਰੀਖਣ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਮੁਹਿੰਮ 23 ਤੋਂ 29 ਜੂਨ ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਦਾ ਉਦੇਸ਼ ਕੇਟਰਿੰਗ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਹੈ, ਜਿਸ ਨਾਲ ਰੇਲਵੇ ਯਾਤਰੀਆਂ ਲਈ ਸੇਵਾ ਦੇ ਉੱਚ ਪੱਧਰਾਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਇਸੇ ਲੜੀ ਤਹਿਤ ਰੇਲ ਗੱਡੀ ਨੰਬਰ 12331 (ਹਿਮਗਿਰੀ ਐਕਸਪ੍ਰੈਸ) ਦਾ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵੱਲੋਂ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਰੇਲ ਨੀਰ ਅਤੇ ਕੈਟਰਿੰਗ ਉਤਪਾਦ ਵਾਜਬ ਦਰਾਂ ‘ਤੇ ਵੇਚੇ ਜਾ ਰਹੇ ਹਨ ਜਾਂ ਨਹੀਂ। ਹਿਮਗਿਰੀ ਐਕਸਪ੍ਰੈਸ ਦੇ ਸਾਰੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੇ ਰੇਲਵੇ ਮੁਸਾਫਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ 11 ਰੇਲਵੇ ਯਾਤਰੀਆਂ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ‘ਤੇ ਨਿਰਧਾਰਤ ਤੋਂ ਵੱਧ ਫੀਸ ਵਸੂਲੀ ਜਾਂਦੀ ਹੈ।
ਹਿਮਗਿਰੀ ਐਕਸਪ੍ਰੈਸ ਦੀ ਪੈਂਟਰੀ ਕਾਰ ਵਿੱਚੋਂ 102 ਪਾਣੀ ਦੀਆਂ ਬੋਤਲਾਂ ਜੋ ਰੇਲਵੇ ਵੱਲੋਂ ਪਾਬੰਦੀਸ਼ੁਦਾ (ਅਣਪ੍ਰਵਾਨਿਤ ਬ੍ਰਾਂਡ) ਪਾਈਆਂ ਗਈਆਂ ਹਨ, ਲੋੜੀਂਦੀ ਕਾਰਵਾਈ ਲਈ ਇਨ੍ਹਾਂ ਸਾਰੀਆਂ ਪਾਣੀ ਦੀਆਂ ਬੋਤਲਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਰਸੋਈ ਅਤੇ ਪੈਂਟਰੀ ਕਾਰ ਦੀ ਸਫ਼ਾਈ ਦੇ ਨਾਲ-ਨਾਲ ਖਾਣੇ ਦੀ ਗੁਣਵੱਤਾ ਅਤੇ ਮਾਤਰਾ ਦੀ ਵੀ ਜਾਂਚ ਕੀਤੀ ਗਈ।