ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਇਆਲੀ ਖੁਰਦ ਵਿਖੇ ਨਕਲ ਕਾਰਨ ਰੱਦ ਹੋਈ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ 27 ਮਈ ਨੂੰ ਲਵੇਗਾ। ਇਹ ਪ੍ਰੀਖਿਆ ਦੁਪਹਿਰੇ 1 ਵਜੇ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 10ਵੀਂ ਜਮਾਤ ਟਰਮ-2 ਗਣਿਤ ਵਿਸ਼ੇ ਦਾ ਪੇਪਰ ਸੀ ਤੇ ਇਆਲੀ ਖੁਰਦ ਦੇ ਇਸ ਪ੍ਰੀਖਿਆ ਕੇਂਦਰ ‘ਚ 250 ਵਿਦਿਆਰਥੀ ਪ੍ਰਰੀਖਿਆ ਦੇ ਰਹੇ ਸਨ ਜਿਸ ਬਾਰੇ ਬੋਰਡ ਮੈਨੇਜਮੈਂਟ ਨੂੰ ਕਿਸੇ ਨੇ ਨਕਲ ਕਰਾਉਣ ਸਬੰਧੀ ਸਬੂਤਾਂ ਵਾਲੀ ਵੀਡੀਓ ‘ਤੇ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਪ੍ਰੀਖਿਆ ਕੇਂਦਰ ਕੋਡ 43081 ‘ਚ ਕੰਟਰੋਲਰ ਤੇ ਆਬਜ਼ਰਵਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਬੋਰਡ ਨੇ ਡੀਜੀਐੱਸਈ ਸਿੱਖਿਆ ਨੂੰ ਵੀ ਪੱਤਰ ਲਿਖਿਆ ਤੇ ਸਕੂਲ ਦੇ ਇਨ੍ਹਾਂ ਅਧਿਆਪਕਾਂ ਤੇ ਪ੍ਰੀਖਿਆ ਕੇਂਦਰ ਦੇ ਸਟਾਫ ਪਾਸੋਂ ਸਪੱਸ਼ਟੀਕਰਨ ਮੰਗਦਿਆਂ ਬੋਰਡ ਮੈਨੇਜਮੈਂਟ ਨੇ ਇਸ ਮਾਮਲੇ ਦੀ ਪੜਤਾਲ ਲਈ ਵੱਖਰੇ ਤੌਰ ‘ਤੇ ਵੀ ਪੜਤਾਲੀਆ ਅਫ਼ਸਰ ਵੀ ਨਿਯੁਕਤ ਕੀਤਾ ਸੀ। ਦੱਸਣਾ ਬਣਦਾ ਹੈ ਕਿ ਅਕਾਦਮਿਕ ਸਾਲ 2021-22 ਨਾਲ ਸਬੰਧਤ ਪ੍ਰੀਖਿਆਵਾਂ ‘ਚ ਨਕਲ ਦਾ ਇਹ ਪਹਿਲਾ ਅਜਿਹਾ ਮਾਮਲਾ ਸੀ ਜਿਸ ਕਰਕੇ ਕਿਸੇ ਪ੍ਰੀਖਿਆ ਕੇਂਦਰ ‘ਚ ਪੇਪਰ ਰੱਦ ਕਰਨਾ ਪਿਆ ਹੋਵੇ।