ਲੁਧਿਆਣਾ : ਏ.ਡੀ.ਜੀ.ਪੀ. ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਅੱਜ ਲੁਧਿਆਣਾ ਵਿਖੇ ਪੂਰੇ ਪੰਜਾਬ ਦੇ ਟਰੈਫਿਕ ਵਿਭਾਗ ਦੇ ਐਸ.ਪੀ., ਡੀ.ਐਸ.ਪੀਜ਼ ਅਤੇ ਟ੍ਰੈਫਿਕ ਇੰਚਾਰਜਾਂ ਨਾਲ ਵੱਖ-ਵੱਖ ਮੁੱਦਿਆਂ ‘ਤੇ ਮੀਟਿੰਗ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ ਰਾਏ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੂਚਨਾ ਤਕਨੀਕ ਦੀ ਮਦਦ ਨਾਲ ਲੋਕਾਂ ਦੇ ਚਲਾਨ ਕੱਟੇ ਜਾਣਗੇ।
ਉਨ੍ਹਾਂ ਦੱਸਿਆ ਕਿ ਤੇਜ਼ ਰਫ਼ਤਾਰ ’ਤੇ ਕਾਬੂ ਪਾਉਣ ਲਈ 27 ਇੰਟਰਸੈਪਟਰ ਵਾਹਨਾਂ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 800 ਅਲਕੋਮੀਟਰ ਵੀ ਖਰੀਦੇ ਜਾਣਗੇ ਤਾਂ ਜੋ ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਕਾਬੂ ਪਾਇਆ ਜਾ ਸਕੇ। ਰਾਏ ਨੇ ਦੱਸਿਆ ਕਿ ਤੇਜ਼ ਰਫਤਾਰ ਨੂੰ ਕਾਬੂ ਕਰਨ ਲਈ ਰੂਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਆਟੋਮੈਟਿਕ ਕੈਮਰੇ ਲਗਾਏ ਜਾ ਰਹੇ ਹਨ। ਈ-ਚਲਾਨ ਨੂੰ ਉਤਸ਼ਾਹਿਤ ਕਰਨ ਲਈ ਰਾਜ ਭਰ ਵਿੱਚ ਲਗਭਗ 900 ਈਪੀਓਐਸ ਮਸ਼ੀਨਾਂ ਖਰੀਦੀਆਂ ਗਈਆਂ ਹਨ ਅਤੇ ਟਰੈਫਿਕ ਵਿਭਾਗ ਨੂੰ ਦਿੱਤੀਆਂ ਗਈਆਂ ਹਨ।