ਲੁਧਿਆਣਾ : ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ 6ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਬਾਈ-ਮੰਥਲੀ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰੀਖਿਆਵਾਂ ਪਹਿਲਾਂ 15 ਜੁਲਾਈ ਤੱਕ ਹੋਣ ਵਾਲੀਆਂ ਸਨ। ਐੱਸ. ਸੀ. ਈ. ਆਰ. ਟੀ. ਵਲੋਂ ਉਕਤ ਬਾਰੇ ਜਾਰੀ ਪੱਤਰ ’ਚ ਪ੍ਰੀ-ਪ੍ਰਾਇਮਰੀ ਤੋਂ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਮਰ ਕੈਂਪ ਨੂੰ ਪਹਿਲ ਦੇਣ ਦਾ ਫ਼ੈਸਲਾ ਲਿਆ ਗਿਆ ਹੈ, ਜੋ 3 ਜੁਲਾਈ ਤੋਂ 15 ਜੁਲਾਈ ਤੱਕ ਲਗਾਏ ਜਾਣਗੇ।
ਵਿਭਾਗ ਨੇ ਬਾਈ ਮੰਥਲੀ ਪ੍ਰੀਖਿਆਵਾਂ ਦੀ ਤਾਰੀਖ਼ ਬਾਅਦ ’ਚ ਨਿਰਧਾਰਤ ਕਰਨ ਦੀ ਯੋਜਨਾ ਬਣਾਈ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਵਿਦਿਆਰਥੀਆਂ ਨੂੰ ਤਿਆਰੀ ਕਰਨ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਢੁੱਕਵਾਂ ਸਮਾਂ ਮਿਲੇ। ਵਿਭਾਗ ਨੇ ਕਿਹਾ ਕਿ ਮੁੜ ਨਿਰਧਾਰਿਤ ਬਾਈ-ਮੰਥਲੀ ਪ੍ਰੀਖਿਆਵਾਂ ਦੀਆਂ ਸਟੀਕ ਤਾਰੀਖ਼ਾਂ ਨੂੰ ਸਿੱਖਿਆ ਵਿਭਾਗ ਵਲੋਂ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਇਸ ਦੌਰਾਨ ਵਿਦਿਆਰਥੀਆਂ ਨੂੰ ਸਮਰ ਕੈਂਪ ’ਚ ਸਰਗਰਮ ਰੂਪ ਨਾਲ ਹਿੱਸਾ ਲੈਣ ਅਤੇ ਉਨ੍ਹਾਂ ਨੂੰ ਪੇਸ਼ ਕੀਤੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 3 ਜੁਲਾਈ ਤੋਂ ਸ਼ੁਰੂ ਹੋ ਰਹੇ ਸਮਰ ਕੈਂਪ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਇਕ ਜੀਵੰਤ ਅਤੇ ਊਜਰਾਵਾਨ ਮਾਹੌਲ ਦੇਖਣ ਦੀ ਉਮੀਦ ਹੈ। ਸਿੱਖਿਆ ਵਿਭਾਗ ਨੂੰ ਉਮੀਦ ਹੈ ਕਿ ਇਸ ਪਹਿਲ ਦਾ ਵਿਦਿਆਰਥੀਆਂ ਦੀ ਸਮੱਗਰ ਸਿੱਖਿਆ ਤਜਰਬੇ ’ਤੇ ਹਾਂ-ਪੱਖੀ ਅਸਰ ਪਵੇਗਾ।