ਲੁਧਿਆਣਾ: ਮਹਾਨਗਰ ਵਿੱਚ ਇੱਕ ਫਰਜ਼ੀ ਇਮੀਗ੍ਰੇਸ਼ਨ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਮਾਮਲਾ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ ਦਾ ਹੈ, ਜਿੱਥੇ ਵੈਸਟ ਵੇਅ ਨਾਂ ਦੇ ਵੀਜ਼ਾ ਇਮੀਗ੍ਰੇਸ਼ਨ ਦਫਤਰ ਦੇ ਮਾਲਕ ਮਨੀਸ਼ ਕੁਮਾਰ ਅਤੇ ਮੈਨੇਜਰ ਧਨਵੰਤ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਜਾਅਲੀ ਲਾਇਸੈਂਸ ਬਣਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਸਨ। ਲੁਧਿਆਣਾ ਪੁਲਿਸ ਨੂੰ ਇਨ੍ਹਾਂ ਇਮੀਗ੍ਰੇਸ਼ਨ ਦਫ਼ਤਰਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਜਾਂਚ ਸਹਾਇਕ ਏ.ਸੀ.ਪੀ ਸਿਵਲ ਲਾਈਨ ਜਤਿਨ ਬਾਂਸਲ ਨੂੰ ਸੌਂਪੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀਆਂ ਖਿਲਾਫ 4 ਐੱਫ.ਆਈ.ਆਰ.
ਪਹਿਲੀ ਐਫਆਈਆਰ ਰਵੀ ਕੁਮਾਰ ਵਾਸੀ ਅਰਜੁਨ ਨਗਰ ਕਾਰਬਰਾ ਚੌਕ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ, ਜਿਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ਜਾਣ ਦਾ ਇੱਛੁਕ ਸੀ, ਜਿਸ ਲਈ ਉਕਤ ਮੁਲਜ਼ਮਾਂ ਨੇ ਉਸ ਤੋਂ 21 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਮਿਲਦੇ ਹੀ ਮੁਲਜ਼ਮਾਂ ਨੇ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ, ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਇਸੇ ਤਰ੍ਹਾਂ ਦੂਜੀ ਐਫਆਈਆਰ ਪਵਨਦੀਪ ਕੌਰ ਵਾਸੀ ਗਿੱਲ ਰੋਡ, ਦਸਮੇਸ਼ ਨਗਰ ਵੱਲੋਂ ਦਰਜ ਕਰਵਾਈ ਗਈ ਹੈ। ਜਿਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮਾਂ ਨੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਲਈ ਮੁਲਜ਼ਮਾਂ ਨੇ ਉਸ ਤੋਂ 10 ਲੱਖ ਰੁਪਏ ਲੈ ਲਏ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ।
ਤੀਸਰੀ ਐਫਆਈਆਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਕਿਰਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਪਤੀ ਅਮਰੀਕਾ ਜਾਣਾ ਚਾਹੁੰਦਾ ਸੀ, ਜਿਸ ਲਈ ਮੁਲਜ਼ਮਾਂ ਨੇ ਉਸ ਤੋਂ 8.50 ਲੱਖ ਰੁਪਏ ਲਏ। ਇਸ ਤੋਂ ਬਾਅਦ ਨਾ ਤਾਂ ਉਸ ਦੇ ਪਤੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਇਸੇ ਤਰ੍ਹਾਂ ਚੌਥੀ ਐਫਆਈਆਰ ਸੰਗਰੂਰ ਦੀ ਰਹਿਣ ਵਾਲੀ ਸੁਖਬੀਰ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਯੂਨਾਈਟਿਡ ਕਿੰਗਡਮ ਜਾਣਾ ਚਾਹੁੰਦਾ ਸੀ ਜਿਸ ਲਈ ਮੁਲਜ਼ਮ ਨੇ ਉਸ ਤੋਂ 10 ਲੱਖ ਰੁਪਏ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਸਿਵਲ ਲਾਈਨ ਜਤਿਨ ਬਾਂਸਲ ਨੇ ਦੱਸਿਆ ਕਿ ਇਮੀਗ੍ਰੇਸ਼ਨ ਦੇ ਮਾਲਕ ਅਤੇ ਮੈਨੇਜਰ ਖਿਲਾਫ ਸ਼ਿਕਾਇਤ ਮਿਲਣ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰਦੇ ਸਨ। ਇੰਨਾ ਹੀ ਨਹੀਂ ਉਕਤ ਦੋਸ਼ੀ ਫਰਜ਼ੀ ਲਾਇਸੈਂਸ ਇਮੀਗ੍ਰੇਸ਼ਨ ਚਲਾ ਰਹੇ ਸਨ।