ਲੁਧਿਆਣਾ ਨਿਊਜ਼

ਪੰਜਾਬ ‘ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ – ਅਰਪਿਤ ਸ਼ੁਕਲਾ

Published

on

– 94 ਫੀਸਦ ਲਾਇਸੰਸੀ ਅਸਲਾ ਵੀ ਕੀਤਾ ਜਮ੍ਹਾਂ

– ਰਿਕਵਰੀ ਮਾਮਲੇ ‘ਚ ਭਾਰਤ ਭਰ ‘ਚ ਚੌਥੇ ਨੰਬਰ ‘ਤੇ ਪੰਜਾਬ ਸੂਬਾ

– ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਵੱਲੋਂ ਚੋਣਾਂ ਸਬੰਧੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ

– ਕਿਹਾ! ਪੁਲਿਸ ਪ੍ਰਸ਼ਾਸ਼ਨ ਚੋਣਾਂ ਦੌਰਾਨ ਸੂਬੇ ‘ਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਵਚਨਬੱਧ ਹੈ

ਲੁਧਿਆਣਾ, 17 ਮਈ – ਪੁਲਿਸ ਪ੍ਰਸ਼ਾਸ਼ਨ ਸੂਬੇ ਵਿੱਚ ਲੋਕ ਸਭਾ ਚੋਣਾਂ-2024 ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਵੱਖ-ਵੱਖ ਲੋਕ ਸਭਾ ਹਲਕਿਆਂ ਵਿੱਚ ਕਰੀਬ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ ਕਰਦਿਆਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸੁ਼ਕਲਾ, ਆਈ.ਪੀ.ਐਸ. ਵੱਲੋਂ ਸਥਾਨਕ ਦਫ਼ਤਰ ਪੁਲਿਸ ਕਮਿਸ਼ਨਰ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਚੋਣਾਂ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ., ਐਸ.ਐਸ.ਪੀਜ਼ ਅਮਨੀਤ ਕੌਡਲ ਅਤੇ ਨਵਨੀਤ ਸਿੰਘ ਬੈਂਸ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 13 ਹਜ਼ਾਰ ਦੇ ਕਰੀਬ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਜਿੱਥੇ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ ਵਿੱਚ ਵਿਸ਼ਵਾਸ਼ ਪੈਦਾ ਕਰਨ ਲਈ ਫਲੈਗ ਮਾਰਚ ਤੋਂ ਇਲਾਵਾ ਵੱਖ-ਵੱਖ ਸਵੀਪ ਗਤੀਵਿਧੀਆਂ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਕਰੀਬ 94 ਫੀਸਦ ਲਾਇਸੰਸੀ ਅਸਲਾ ਜਮ੍ਹਾਂ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਗਠਿਤ ਕਮੇਟੀਆਂ ਵੱਲੋਂ ਇਸ ਪ੍ਰਕਿਰਿਆ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸੁ਼ਕਲਾ, ਆਈ.ਪੀ.ਐਸ. ਨੇ ਦੱਸਿਆ ਕਿ ਚੋਣਾਂ ਸਬੰਧੀ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਨੂੰਨ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਣ ‘ਤੇ ਜੋਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਪੈਸ਼ਲ ਓਪਰੇਸ਼ਨ ਵੀ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਕਾਰਜ਼ਾਂ ਬਾਰੇ ਵੀ ਸਮੀਖਿਆ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿੱਥੇ ਲੋਕ ਸਭਾ ਚੋਣਾਂ-2024 ਲਈ ਵੱਖ-ਵੱਖ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਉੱਥੇ ਸਮਾਜ ਵਿਰੋਧੀ ਅਨਸਰਾਂ, ਗੈਂਗਸਟਰਾਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖਿਲਾਫ ਵੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਤਾਂ ਜੋ ਲੋਕਤੰਤਰ ਦੇ ਪਰਵ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕਰੌੜਾਂ ਰੁਪਏ ਡਰੱਗ ਮਨੀ, ਸ਼ਰਾਬ, ਨਕਦੀ ਅਤੇ ਹੋਰ ਵਸਤਾਂ ਬਰਾਮਦ ਕਰਦਿਆਂ ਰਿਕਵਰੀ ਮਾਮਲੇ ਵਿੱਚ ਭਾਰਤ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸੂਬੇ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ ਜਿਸਦੇ ਤਹਿਤ ਚੌਕਸੀ ਹੋਰ ਵਧਾਈ ਗਈ ਹੈ।

ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸੁ਼ਕਲਾ, ਆਈ.ਪੀ.ਐਸ. ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵੋਟਰਾਂ ਨੂੰ ਆਪਣੇ ‘ਵੋਟ ਦੇ ਅਧਿਕਾਰ’ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।

Facebook Comments

Trending

Copyright © 2020 Ludhiana Live Media - All Rights Reserved.