ਲੁਧਿਆਣਾ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਕੁੱਲ 67 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ।
ਚੋਟੀ ਦਾ ਦਰਜ਼ਾ ਹਾਸਲ ਕਰਨ ਵਾਲੇ, ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਾਲ ਸਬੰਧਤ ਇਹ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਨ।
ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਅਕਾਦਮਿਕ ਪ੍ਰੀਖਿਆਵਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਮੈਰਿਟ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਮਲਿਕ ਨੇ ਵਿਦਿਆਰਥੀਆਂ ਦੀ ਹੌਸਲਾਂ ਅਫਜਾਈ ਕਰਦਿਆਂ ਵੱਡੇ ਸੁਪਨੇ ਸੰਜੋਣ ਅਤੇ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਦੀ ਮਹਾਂਸ਼ਕਤੀ ਬਣਾਉਣ ਲਈ ਨੌਜਵਾਨਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ‘ਤੇ ਕੇਂਦਰਿਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਔਕੜਾਂ ਦਾ ਸਾਹਮਣਾ ਕਰਨ ਮੌਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਅਸਫਲਤਾ ਸਫਲਤਾ ਦੇ ਹੀ ਥੰਮ੍ਹ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦਾ ਭਵਿੱਖ ਦੱਸਦਿਆ ਕਿਹਾ ਕਿ ਨੌਜਵਾਨਾਂ ਨੂੰ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਵਾਲਾ ਦੇਸ਼ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਹੋਰ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਵਿਦਿਆਰਥੀਆਂ ਨੇ ਅਕਾਦਮਿਕ ਅਤੇ ਪ੍ਰਤੀਯੋਗੀ ਇਮਤਿਹਾਨਾਂ ਨੂੰ ਪੂਰਾ ਕਰਨ ਲਈ ਆਪਣੀ ਪਹੁੰਚ ਤੋਂ ਇਲਾਵਾ ਆਪਣੀ ਦਿਲਚਸਪੀ ਦੇ ਖੇਤਰਾਂ, ਸ਼ਕਤੀਆਂ ਅਤੇ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਡੀ.ਈ.ਓ. ਸੈਕੰਡਰੀ ਹਰਜੀਤ ਸਿੰਘ, ਸਕੂਲ ਮੁਖੀ ਅਤੇ ਅਧਿਆਪਕ ਵੀ ਮੌਜੂਦ ਸਨ।