ਲੁਧਿਆਣਾ : ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ (ਰਜਿ.), ਲੁਧਿਆਣਾ ਵੱਲੋਂ ਅੱਜ ਲੁਧਿਆਣਾ ਦੇ ਨਿਰਮਾਣ ਅਧੀਨ ਸੀਨੀਅਰ ਸਿਟੀਜ਼ਨ ਭਵਨ ਵਿਖੇ ਗ੍ਰਹਿ ਪਰਵੇਸ਼ ਅਤੇ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨਜ਼ ਭਵਨ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਨੂੰ ਅਲਾਟ ਕੀਤੀ ਗਈ 500 ਵਰਗ ਗਜ਼ ਦੇ ਪਲਾਟ ਵਿੱਚ ਬਣਾਇਆ ਜਾ ਰਿਹਾ ਹੈ। ਇਸ ਮੌਕੇ ਹਲਕਾ ਪੱਛਮੀ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਅਤੇ ਹਲਕਾ ਕੇਂਦਰੀ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸੀਨੀਅਰ ਪੱਤਰਕਾਰ ਅਤੇ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ ਐਸ ਚਾਵਲਾ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਆਪ਼ ਵਿਧਾਇਕਾਂ ਦਾ ਧਿਆਨ ਛੋਟੇ ਉਦਯੋਗਾਂ ਦੀ ਰਾਜਧਾਨੀ ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵੱਲ ਦਿਵਾਇਆ। ਵਿਧਾਇਕਾਂ ਸ੍ਰੀ ਗੋਗੀ ਅਤੇ ਸ੍ਰੀ ਪੱਪੀ ਪਰਾਸ਼ਰ ਨੇ ਹਾਜ਼ਰੀਨ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੋਲ ਚੁੱਕਣਗੇ ਅਤੇ ਲੁਧਿਆਣਾ ਵਾਸੀਆਂ ਦਾ ਭਰੋਸਾ ਬਹਾਲ ਕਰਨਗੇ।
ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਮਲਕੀਤ ਸਿੰਘ ਰਾਏ ਨੇ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਲੁਧਿਆਣਾ ਦੇ ਗਠਨ ਦਾ ਇਤਿਹਾਸ ਦੱਸਿਆ ਅਤੇ ‘ਆਪ’ ਵਿਧਾਇਕਾਂ ਤੋਂ ਹੋਰ ਫੰਡਾਂ ਦੀ ਮੰਗ ਕੀਤੀ। ਸੀਨੀਅਰ ਸਿਟੀਜ਼ਨ ਭਵਨ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ ਗਈ।