ਸ੍ਰੀ ਅਨੰਦਪੁਰ ਸਾਹਿਬ : 17 ਤੋਂ 19 ਮਾਰਚ ਤੱਕ ਖਾਲਸੇ ਦੀ ਜਨਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਕੌਮੀ ਤਿਉਹਾਰ ਹੋਲਾ-ਮਹੱਲਾ ਨੂੰ ਲੈ ਕੇ ਗੁਰੂ ਨਗਰੀ ਵਿਖੇ ਅਗਾਊਂ ਹੀ ਰੌਣਕਾਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਹਜ਼ਾਰਾਂ ਦੀ ਗਿਣਤੀ ’ਚ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਇਥੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਮੱਥਾ ਟੇਕਿਆ।
ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਤੋਂ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮਹਿਲ, ਗੁਰਦੁਆਰਾ ਕਿਲ੍ਹਾ ਫਤਹਿਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲ ਲਗਾਤਾਰ ਕੋਵਿਡ ਕਾਰਨ ਹੋਲਾ-ਮਹੱਲਾ ਮੌਕੇ ਸੰਗਤਾਂ ਦੀ ਆਮਦ ਭਾਵੇਂ ਘੱਟ ਰਹੀ ਪਰ ਇਸ ਵਾਰ ਲੱਖਾਂ ਦੀ ਗਿਣਤੀ ਸੰਗਤਾਂ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਆਸ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਿਹਾਇਸ਼ ਪੱਖੋਂ ਤਖ਼ਤ ਸਾਹਿਬ ਦੀਆਂ ਸਾਰੀਆਂ ਸਰਾਵਾਂ ਸੰਗਤਾਂ ਲਈ ਤਿਆਰ ਬਰ ਤਿਆਰ ਹਨ ਅਤੇ ਇਸ ਤੋਂ ਇਲਾਵਾ ਜੋੜਾ ਘਰ, ਗੱਠੜੀ ਘਰ, ਲੰਗਰ ਆਦਿ ਵਰਗੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ। ਭਾਈ ਚਾਵਲਾ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਸੰਗਤਾਂ ਨੂੰ ਬੀਮੇ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।