ਲੁਧਿਆਣਾ : ਪੰਜਾਬੀ ਦੇ ਅਲਬੇਲੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦਾ 84ਵੇਂ ਜਨਮ ਦਿਨ ਮੌਕੇ ਪੰਜਾਬੀ ਦੇ ਲੋਕ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਸ਼ਰਧਾ ਸੁਮਨ ਭੇਂਟ ਕਰਦਿਆਂ ਕਿਹਾ ਕਿ ਉਹ ਆਪਣੀਆਂ ਰਚਨਾਵਾਂ ਰਾਹੀਂ ਸਾਨੂੰ ਪੰਜਾਬੀ ਵਿਰਾਸਤ ਦੀਆਂ ਅਨੇਕ ਖ਼ੂਬਸੂਰਤੀਆਂ ਅਤੇ ਸਮਾਜਿਕ ਇਤਿਹਾਸ ਦਾ ਸਬਕ ਪੜ੍ਹਾ ਗਏ ਹਨ।
ਆਰੰਭ ਵਿੱਚ ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋਂ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਅਤੇ ਪ੍ਰਸਿੱਧ ਲੇਖਿਕਾ ਤੇ ਪ੍ਰਮੁੱਖ ਪੰਜਾਬੀ ਲੇਖਕ ਸਵਰਗੀ ਡਾਃ ਆਤਮ ਹਮਰਾਹੀ ਦੀ ਬੇਟੀ ਮਨਦੀਪ ਕੌਰ ਭਮਰਾ ਨੇ ਸਮਾਗਮ ਚ ਆਏ ਲੇਖਕਾਂ ਬੁੱਧੀਜੀਵੀਆਂ ਤੇ ਗੀਤ ਸੰਗੀਤਕਾਰਾਂ ਦਾ ਸੁਆਗਤ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਦੇਵ ਦਿਲਗੀਰ ਨੇ ਆਪਣੀ ਗੀਤਕਾਰੀ ਰਾਹੀਂ ਪੰਜਾਬ ਦੇ ਲੋਕ ਸੰਗੀਤ ਨੂੰ ਵੰਨ ਸੁਵੰਨਤਾ ਨਾਲ ਭਰਪੂਰ ਕੀਤਾ।
ਇਸ ਮੌਕੇ ਬੋਲਦਿਆਂ ਪੰਜਾਬੀ ਵਾਰਤਕਕਾਰ ਸਃ ਗੁਰਪ੍ਰੀਤ ਸਿੰਘ ਤੂਰ ਨੇ ਆਈ ਪੀ ਐੱਸ ਨੇ ਕਿਹਾ ਹਰਦੇਵ ਦਿਲਗੀਰ ਥਰੀਕੇ ਵਾਲਾ ਨੇ ਆਪਣੇ ਗੀਤਾਂ ਵਿਚ ਪੰਜਾਬ ਦੇ ਪਿੰਡਾਂ ਵਿਚਲੇ ਪੇਂਡੂ ਜੀਵਨ ਦੀ ਗੱਲ ਕੀਤੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਉਹ ਵਿਸ਼ਵ ਪ੍ਰਸਿੱਧ ਕਿਤਾਬਾਂ ਦੇ ਗੰਭੀਰ ਪਾਠਕ ਸਨ। ਕਿਤਾਬਾਂ ਨਾਲ ਉਨ੍ਹਾਂ ਦਾ ਸਨੇਹ ਲਾਸਾਨੀ ਸੀ। ਪੰਜਾਬੀ ਆਲੋਚਕ ਡਾ, ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਦੇਵ ਸਾਹਿਬ ਪੰਜਾਬੀ ਦੇ ਸਤਿਕਾਰਿਤ ਤੇ ਲੋਕ ਪਰਵਾਨਿਤ ਗੀਤਕਾਰਾਂ ਵਿੱਚੋਂ ਨਿਵੇਕਲੇ ਸਨ।