ਗੁਰਦਾਸਪੁਰ: ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਲਈ ਇੱਕ ਵਾਰ ਫਿਰ ਮੁਸੀਬਤ ਦੀ ਰੇਖਾ ਖਿੱਚ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿੱਥੇ ਅਚਾਨਕ ਪਏ ਭਾਰੀ ਮੀਂਹ ਨੇ ਕਿਸਾਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ, ਉੱਥੇ ਹੀ ਕੁਝ ਇਲਾਕਿਆਂ ‘ਚ ਗੜੇਮਾਰੀ ਦੇ ਨਾਲ-ਨਾਲ ਭਾਰੀ ਮੀਂਹ ਵੀ ਪਿਆ ਹੈ | ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਆਪਣੇ ਸਿਖ਼ਰ ‘ਤੇ ਪਹੁੰਚ ਚੁੱਕੀ ਹੈ ਪਰ ਮੌਸਮ ‘ਚ ਬਦਲਾਅ ਕਾਰਨ ਕਿਸਾਨ ਮੁੜ ਤੇਜ਼ ਹਵਾਵਾਂ ਦੀ ਮਾਰ ਝੱਲਣ ਲਈ ਮਜਬੂਰ ਹਨ | ਪਿਛਲੇ ਦਿਨੀਂ ਆਏ ਤੇਜ਼ ਹਨੇਰੀ ਕਾਰਨ ਕਣਕ ਦੀ ਫ਼ਸਲ ਜ਼ਮੀਨ ’ਤੇ ਡਿੱਗ ਪਈ ਹੈ।
ਅੱਜ ਫਿਰ ਮੀਂਹ, ਤੇਜ਼ ਹਵਾ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਜੇਕਰ ਹੁਣ ਬਾਰਿਸ਼ ਤੇਜ਼ ਹੋ ਗਈ ਤਾਂ ਇਸ ਦਾ ਸਿੱਧਾ ਅਸਰ ਕਣਕ ਦੀ ਫ਼ਸਲ ‘ਤੇ ਪੈ ਸਕਦਾ ਹੈ ਅਤੇ ਪਸ਼ੂਆਂ ਦੀ ਤੂੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹਜਾਰਾਂ ਰੁਪਏ ਖਰਚ ਕਰਕੇ ਫਸਲ ਨੂੰ ਸਿਖਰ ‘ਤੇ ਪਹੁੰਚਾਉਣ ਲਈ ਸਖਤ ਮਿਹਨਤ ਕੀਤੀ ਹੈ। ਵਾਢੀ ਵੇਲੇ ਮੌਸਮ ਖ਼ਰਾਬ ਹੋਣ ’ਤੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ।