ਲੁਧਿਆਣਾ : ਕਾਲਜਾਂ ਦੇ ਪ੍ਰੋਫੈਸਰ ਵੀਰਵਾਰ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕਰਨਗੇ। ਉਨ੍ਹਾਂ ਇਹ ਫੈਸਲਾ ਲੁਧਿਆਣਾ ਦੇ ਰੱਖਬਾਗ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ।
ਸਰਕਾਰੀ ਕਾਲਜ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫ਼ੈਸਰਜ਼ ਐਸੋਸੀਏਸ਼ਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੈਂਬਰ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ। ਦੋ ਘੰਟੇ ਤਕ ਚੱਲੀ ਮੀਟਿੰਗ ਵਿਚ ਗੈਸਟ ਫੈਕਲਟੀ ਨੇ ਫੈਸਲਾ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਲਈ ਹੁਣ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜ਼ਿਲ੍ਹਾ ਪ੍ਰਧਾਨ ਫਲਵਿੰਦਰ ਵਰਮਾ ਨੇ ਦੱਸਿਆ ਕਿ 1 ਨਵੰਬਰ ਤੋਂ ਗੈਸਟ ਫੈਕਲਟੀ ਸਰਕਾਰੀ ਕਾਲਜਾਂ ਵਿਚ ਧਰਨੇ ’ਤੇ ਬੈਠੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ ਆਮ ਵਾਂਗ ਧਰਨੇ ‘ਤੇ ਬੈਠੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ। ਐਸੋਸੀਏਸ਼ਨ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਨੌਕਰੀ ਪੱਕੀ ਕਰੇ ਕਿਉਂਕਿ ਸਰਕਾਰ ਨਵੀਂ ਭਰਤੀ ਕਰਨ ਵਿਚ ਲੱਗੀ ਹੋਈ ਹੈ ਤੇ ਇਸ ਨਾਲ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।
ਇਸ ਸਮੇਂ ਸੂਬੇ ਭਰ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ 906 ਗੈਸਟ ਫੈਕਲਟੀ ਸੇਵਾਵਾਂ ਨਿਭਾਅ ਰਹੇ ਹਨ। ਜੇਕਰ ਨਵੀਂ ਭਰਤੀ ਹੁੰਦੀ ਹੈ ਤਾਂ ਕਾਲਜਾਂ ਵਿਚ ਪਿਛਲੇ 20 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਨੂੰ ਨੁਕਸਾਨ ਹੋਵੇਗਾ। ਇਸ ਲਈ ਪਹਿਲਾਂ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਫਿਰ ਸਰਕਾਰ ਨੂੰ ਨਵੀਂ ਭਰਤੀ ਕਰਨੀ ਚਾਹੀਦੀ ਹੈ।