ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਤੇ ‘ਆਪ’ ਦੇ ਹਲਕਾ ਪਾਇਲ ਤੋਂ ਇੰਚਾਰਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਪੰਜਾਬ ‘ਚ ਡੀਏਪੀ ਖਾਦ ਦੀ ਭਾਰੀ ਕਮੀ ਹੋਣ ਕਾਰਨ ਜਿੱਥੇ ਖਾਦ ਡੀਲਰਾਂ ਵੱਲੋਂ ਕਾਲ਼ਾਬਾਜਾਰੀ ਕੀਤੀ ਜਾ ਰਹੀ ਹੈ, ਉਥੇ ਹੀ ਕਣਕ ਦੀ ਬਿਜਾਈ ਪਿੱਛੜ ਰਹੀ ਹੈ। ਇਸ ਕਾਰਨ ਸੂਬੇ ਤੇ ਕਿਸਾਨਾਂ ਦੀ ਆਰਥਿਕਤਾ ‘ਤੇ ਬਹੁਤ ਹੀ ਮਾੜਾ ਅਸਰ ਪਵੇਗਾ।

ਉੱਥੇ ਹੀ ਉਨਾਂ ਡੀਏਪੀ ਖਾਦ ਦੀ ਅਣਕਿਆਸੀ ਘਾਟ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਸੋਚੀ ਸਮਝੀ ਕਿੱਲਤ ਨੂੰ ਕਿਸਾਨ ਤੇ ਪੰਜਾਬ ਵਿਰੁੱਧ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਹਲਕਾ ਇੰਚਾਰਜ ਗਿਆਸਪੁਰਾ ਨੇ ਕਿਹਾ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੀ ਮਾੜੀ ਨੀਅਤ ਤੇ ਨੀਤੀ ਮੁੜ ਜੱਗ ਜਾਹਰ ਹੋਈ, ਕਿਉਂਕਿ ਪੰਜਾਬ ‘ਚ ਹਾੜੀ ਦੀਆਂ ਫ਼ਸਲਾਂ ਖਾਸ ਕਰਕੇ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਗਿਆਸਪੁਰਾ ਨੇ ਕਿਹਾ ਪੰਜਾਬ ਸਰਕਾਰ ਆਪਸੀ ਲੜਾਈ ਦੇ ਚੱਲਦਿਆਂ ਲੋਕ ਮੁੱਦਿਆਂ ਤੇ ਕਿਸਾਨੀ ਦੀਆਂ ਲੋੜਾਂ ਪੂਰੀਆਂ ਕਰਨ ‘ਚ ਲਗਾਤਾਰ ਨਿਕੰਮੀ ਸਾਬਤ ਹੋ ਰਹੀ ਹੈ।