ਚੰਡੀਗੜ੍ਹ : ਨਵਾਂ ਸਾਲ ਮਨਾਉਣ ਲਈ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਸ਼ਰਾਬੀਆਂ ਲਈ ਖੁਸ਼ਖਬਰੀ ਹੈ। ਅਸਲ ‘ਚ ਸ਼ਰਾਬ ਪੀਣ ਵਾਲਿਆਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰੇਗੀ। ਜੀ ਹਾਂ, ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਸਰਕਾਰ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮੁੱਖ ਮੰਤਰੀ ਸੁੱਖੂ ਨੇ ਇਹ ਬਿਆਨ ਸ਼ਿਮਲਾ ਵਿੱਚ ਵਿੰਟਰ ਕਾਰਨੀਵਲ ਦੇ ਉਦਘਾਟਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਸੈਲਾਨੀ ਆਪਣੇ ਪਰਿਵਾਰ ਨਾਲ ਆਉਂਦਾ ਹੈ ਅਤੇ ਸ਼ਰਾਬ ਪੀਂਦਾ ਨਜ਼ਰ ਆਉਂਦਾ ਹੈ ਤਾਂ ਪੁਲਿਸ ਨੂੰ ਉਸ ਨੂੰ ਜੇਲ੍ਹ ਵਿੱਚ ਸੁੱਟਣ ਦੀ ਬਜਾਏ ਹੋਟਲ ਵਿੱਚ ਸੁੱਟਣਾ ਚਾਹੀਦਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 5 ਜਨਵਰੀ ਤੱਕ ਹੋਟਲ, ਢਾਬੇ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿ ਸਕਦੇ ਹਨ, ਤਾਂ ਜੋ ਕੋਈ ਵੀ ਸੈਲਾਨੀ ਜੋ ਹਿਮਾਚਲ ਆਉਣਾ ਚਾਹੁੰਦਾ ਹੈ, ਉਸ ਨੂੰ ਹਰ ਸਮੇਂ ਸਹੂਲਤਾਂ ਮਿਲ ਸਕਣ। ਨਾਲ ਹੀ ਹਿਮਾਚਲ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੈਲਾਨੀਆਂ ਨਾਲ ਪਿਆਰ ਨਾਲ ਰਹਿਣ ਕਿਉਂਕਿ ਉਹ ਸਾਡੇ ਮਹਿਮਾਨ ਹਨ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।