ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਨਵੇਂ ਵਿੱਦਿਅਕ ਸੈਸ਼ਨ 2023-24 ਤੋਂ ਐੱਨ. ਸੀ. ਈ. ਆਰ. ਟੀ. ਦਾ ਸਿਲੇਬਸ ਕਲਾਸ 9ਵੀਂ ਤੋਂ 12ਵੀਂ ਦੇ ਲਈ ਘਟਾ ਸਕਦਾ ਹੈ। ਮੀਡੀਆ ਰਿਪੋਰਟਸ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਸ਼ਿਆਂ ਦਾ ਸਿਲੇਬਸ ਘਟਾਇਆ ਜਾਵੇਗਾ, ਉਨ੍ਹਾਂ ’ਚ ਇਤਿਹਾਸ, ਭੂਗੋਲ, ਅੰਗ੍ਰੇਜ਼ੀ ਅਤੇ ਹਿੰਦੀ ਸ਼ਾਮਲ ਰਹਿਣਗੇ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਦਾ ਸਿਲੇਬਸ ਘਟਾਇਆ ਜਾ ਸਕਦਾ ਹੈ।
ਸੀ. ਬੀ. ਐੱਸ. ਈ. 22 ਸੂਬਿਆਂ ਵਿਚ ਐੱਨ. ਸੀ. ਈ. ਆਰ. ਟੀ. ਸਿਲੇਬਸ ਤੋਂ ਪੜ੍ਹਾਉਂਦਾ ਹੈ। ਸਿਲੇਬਸ ’ਚੋਂ ਜ਼ਿਆਦਾਤਰ ਉਹ ਟਾਪਿਕ ਹਟਾਏ ਜਾਣਗੇ, ਜੋ ਕਿ ਕਿਸੇ ਅਧਿਐਨ ਤਹਿਤ ਵੀ ਕਵਰ ਹੁੰਦੇ ਹਨ ਅਤੇ ਦੁਹਰਾਏ ਜਾਣ ਵਾਲੇ ਮੰਨੇ ਜਾਂਦੇ ਹਨ। ਸੀ. ਬੀ. ਐੱਸ. ਈ. ਬੋਰਡ ਵਲੋਂ ਸਿਲੇਬਸ ਘਟਾਉਣ ਦੀ ਜਾਣਕਾਰੀ ਜਲਦ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਸਿਲੇਬਸ ਘਟਾਉਣ ਲਈ ਐੱਨ. ਸੀ. ਈ. ਆਰ. ਟੀ. ਅਤੇ ਸੀ. ਬੀ. ਐੱਸ. ਈ. ਬੋਰਡ ਦੇ ਮਾਹਿਰਾਂ ਨੇ 9ਵੀਂ ਤੋਂ 12ਵੀਂ ਦੇ ਪਾਠਕ੍ਰਮ ’ਚ ਕਟੌਤੀ ਲਈ ਪਲਾਨ ਬਣਾਇਆ ਹੈ। ਸਿਲੇਬਸ ਘਟਾਉਣ ਵਾਲੀ ਕਮੇਟੀ ਨੇ ਵੱਖ-ਵੱਖ ਸੂਬਿਆਂ, ਸਕੂਲਾਂ ਵਿਚ ਮੈਨੇਜਮੈਂਟ, ਮਾਪਿਆਂ, ਮਾਹਿਰਾਂ ਅਤੇ ਅਧਿਆਪਕਾਂ ਦੇ ਸੁਝਾਅ ਲਏ ਹਨ।