ਐਤਵਾਰ ਨੂੰ ਸਿੱਖ ਧਰਮ ਦੇ ਮੁੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਮਾਰਗ ‘ਤੇ ਬਰਫ਼ ਦਾ ਗਲੇਸ਼ੀਅਰ ਟੁੱਟ ਕੇ ਡਿੱਗ ਗਿਆ । ਇਹ ਘਟਨਾ ਸ੍ਰੀ ਹੇਮਕੁੰਟ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ। ਜਿੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। 6 ਸ਼ਰਧਾਲੂਆਂ ਵਿੱਚੋਂ 5 ਲੋਕਾਂ ਨੂੰ SDRF ਦੀ ਟੀਮ ਵੱਲੋਂ ਬਚਾ ਲਿਆ ਗਿਆ ਹੈ ।
SDRF ਅਤੇ ITBP ਦੇ ਜਵਾਨਾਂ ਨੇ ਰਾਤ ਭਰ ਇੱਕ ਲਾਪਤਾ ਮਹਿਲਾ ਸ਼ਰਧਾਲੂ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ । ਮਹਿਲਾ ਸ਼ਰਧਾਲੂ ਦੀ ਮ੍ਰਿਤਕ ਦੇਹ ਸੋਮਵਾਰ ਸਵੇਰੇ ਬਰਫ ਵਿੱਚ ਦੱਬੀ ਹੋਈ ਮਿਲੀ । ਦੱਸਿਆ ਜਾ ਰਿਹਾ ਹੈ ਕਿ 4 ਜੂਨ ਤੱਕ ਉੱਤਰਾਖੰਡ ਵਿੱਚ 8,551 ਲੋਕ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਹ ਅੰਕੜਾ ਉਤਰਾਖੰਡ ਸੈਰ ਸਪਾਟਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।