ਲੁਧਿਆਣਾ : ਵਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਆਰਮੀ ਰਿਕਰੂਟਿੰਗ ਆਫਿਸ, ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾ ਰਹੀ ਅਗਨੀਵੀਰ ਭਰਤੀ ਰੈਲੀ ਦਾ ਦੌਰਾ ਕੀਤਾ। ਜਨਰਲ ਅਫਸਰ ਨੇ ਰੈਲੀ ਦੇ ਮੈਦਾਨ ਵਿੱਚ ਚਾਹਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਮੀਦਵਾਰਾਂ ਨੂੰ ਵਰਦੀ ਵਿੱਚ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਅਗਨੀਵੀਰ ਰੈਲੀ ਸਭ ਤੋਂ ਪਹਿਲਾਂ ਪੰਜਾਬ ਅਤੇ ਕਰਨਾਟਕ ਵਿੱਚ ਸ਼ੁਰੂ ਹੋਈ ਹੈ। ਇਹ ਪਹਿਲੀ ਅਗਨੀਪਥ – ਅਗਨੀਵੀਰ ਭਰਤੀ ਰੈਲੀ ਪੰਜਾਬ ਵਿੱਚ ਹੋਈ ਹੈ। ਰੈਲੀ ਦੇ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਪ੍ਰੇਰਿਤ ਚਾਹਵਾਨ ਮੌਜੂਦ ਸਨ।
ਇਸ ਰੈਲੀ ਲਈ ਲਗਭਗ 26000 ਚਾਹਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ 16 ਅਗਸਤ 2022 ਨੂੰ ਲਗਭਗ 2500 ਉਮੀਦਵਾਰਾਂ ਦਾ ਟੈਸਟ ਕੀਤਾ ਗਿਆ ਸੀ। ਚਾਹਵਾਨ ਭਰਤੀ ਲਈ ਉਤਸ਼ਾਹ ਨਾਲ ਭਰੇ ਹੋਏ ਸਨ ਅਤੇ ਭਰਤੀ ਰੈਲੀ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਿੱਚ ਮਾਣ ਦੀ ਭਾਵਨਾ ਵੇਖੀ ਜਾ ਸਕਦੀ ਸੀ। ਇਹ ਭਰਤੀ ਰੈਲੀ 10 ਤੋਂ 20 ਅਗਸਤ 2022 ਤੱਕ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਲੁਧਿਆਣਾ ਭਰਤੀ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਰਵੀਂ ਸ਼ਮੂਲੀਅਤ ਹੋਈ ਹੈ।
ਫੌਜ ਦੇ ਅਧਿਕਾਰੀਆਂ ਨੇ ਭਰਤੀ ਵਿੱਚ ਪੂਰੀ ਪਾਰਦਰਸ਼ਤਾ ਬਣਾਈ ਰੱਖੀ। ਸਾਰੇ ਟੈਸਟ ਅਤੇ ਪ੍ਰਕਿਰਿਆਵਾਂ ਸਖਤ ਵੀਡੀਓ ਨਿਗਰਾਨੀ ਅਧੀਨ ਕਈ ਸੁਤੰਤਰ ਟੀਮਾਂ ਦੁਆਰਾ ਕੀਤੀਆਂ ਗਈਆਂ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਕਿਸਮ ਦੀ ਭਰਤੀ ਰੈਲੀ ਨੂੰ ਸਫਲਤਾਪੂਰਵਕ ਚਲਾਉਣ ਵਿੱਚ ਸਹਾਇਤਾ ਕੀਤੀ।