ਲੁਧਿਆਣਾ : ਹਲਕਾ ਦੱਖਣੀ ‘ਚ ਸੂਆ ਰੋਡ ‘ਤੇ ਕੰਗਣਵਾਲ ਚੌਕੀ ਤੱਕ ਜਾਣ ਵਾਲੀ ਸੜਕ ‘ਤੇ ਲੱਗੇ ਕੂੜੇ ਦੇ ਡੰਪ ਨੇ ਇਲਾਕਾ ਨਿਵਾਸੀਆਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚ ਪਾਇਆ ਹੋਇਆ ਹੈ। ਪਹਾੜਾਂ ਦੀ ਸ਼ਕਲ ‘ਚ ਬਣੇ ਕੂੜੇ ਦੇ ਡੰਪ ‘ਤੇ ਮੱਝਾਂ, ਗਾਵਾਂ ਤੇ ਹੋਰ ਕਈ ਤਰਾਂ ਦੇ ਜਾਨਵਰ ਘੁੰਮਦੇ ਰਹਿੰਦੇ ਹਨ ਤੇ ਕੂੜੇ-ਕਰਕਟ ਵਿਚ ਪਈਆਂ ਪਲਾਸਟਿਕ ਦੀਆਂ ਵਸਤੂਆਂ ਨਿਗਲ ਜਾਂਦੇ ਹਨ | ਇਸ ਨਾਲ ਉਹ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।
ਇਨਸਾਨੀ ਜਿੰਦਗੀਆਂ ਦੇ ਨਾਲ ਅਵਾਰਾ ਪਸ਼ੂਆਂ ਲਈ ਵੀ ਇਹ ਕੂੜੇ ਦਾ ਡੰਪ ਅਤਿ ਖਤਰਨਾਕ ਸਿੱਧ ਹੋ ਰਿਹਾ ਹੈ | ਇਸ ਕੂੜੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾ ਪਤਾ ਹੋਵੇ, ਇਹ ਗੱਲ ਹਜ਼ਮ ਹੋਣ ਵਾਲੀ ਨਹੀਂ ਹੈ | ਸਹੀ ਗੱਲ ਤਾਂ ਇਹ ਹੈ ਕਿ ਸਭ ਕੁਝ ਦੇਖਦੇ ਹੋਏ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ | ਇਸ ਗੰਦਗੀ ਤੋਂ ਭਿਆਨਕ ਤੇ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਰਹਿੰਦੀਆਂ ਹਨ ਜਿਸ ਨਾਲ ਇਨਸਾਨੀ ਜਿੰਦਗੀਆਂ ‘ਤੇ ਖ਼ਤਰਨਾਕ ਅਸਰ ਪੈਂਦਾ ਹੈ |
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੂੜੇ ਦੇ ਢੇਰਾਂ ਕਰਕੇ ਇਸ ਇਲਾਕੇ ‘ਚ ਭਿਆਨਕ ਬਿਮਾਰੀਆਂ ਫੈਲ ਗਈਆਂ ਹਨ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ‘ਤੇ ਬਣੇ ਕੂੜੇ ਦੇ ਡੰਪ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਨਹੀਂ ਤਾਂ ਕੋਈ ਨਾ ਕੋਈ ਭਿਆਨਕ ਬਿਮਾਰੀ ਫੈਲ ਜਾਵੇਗੀ, ਉਸ ਤੋਂ ਬਾਅਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੀਂਦ ਖੁਲੇਗੀ |