ਲੁਧਿਆਣਾ : ਗਾਰਮੈਂਟਸ ਮਸ਼ੀਨਰੀ ਮੈਨੂੰਫ਼ੈਕਚਰਰਜ਼ ਐਂਡ ਸਪਲਾਇਰਸ ਐਸੋਸੀਏਸ਼ਨ (ਗਮਸਾ) ਵਲੋਂ ਲਗਾਈ ਗਈ 4 ਰੋਜ਼ਾ 6ਵੀਂ ਗਮਸਾ ਇੰਡੀਆ ਪ੍ਰਦਰਸ਼ਨੀ ਲੁਧਿਆਣਾ ਦੀ ਦਾਣਾ ਮੰਡੀ ਬਹਾਦਰਕੇ ਰੋਡ ਵਿਖੇ ਸ਼ੁਰੂ ਹੋ ਗਈ ਹੈ। ਪ੍ਰਦਰਸ਼ਨੀ ‘ਚ 250 ਤੋਂ ਵੱਧ ਬ੍ਰਾਂਡ ਤੇ 20 ਤੋਂ ਵੱਧ ਦੇਸ਼ਾਂ ਦੀਆਂ ਕੰਪਨੀਆਂ ਵਲੋਂ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ। ਪ੍ਰਦਰਸ਼ਨੀ ਦਾ ਉਦਘਾਟਨ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
ਆਪਣੇ ਸੰਬੋਧਨ ‘ਚ ਸ਼੍ਰੀ ਗੈਂਦ ਨੇ ਕਿਹਾ ਕਿ ਲੁਧਿਆਣਾ ਨੇ ਭਾਰਤ ਖਾਸਕਰ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਪ੍ਰਸਿੱਧ ਕੀਤਾ ਹੈ ਤੇ ਇਸੇ ਕਰਕੇ ਲੁਧਿਆਣਾ ਨੂੰ ਮਾਨਚੈਸਟਰ ਆਫ਼ ਇੰਡੀਆ ਆਖਿਆ ਜਾਂਦਾ ਹੈ। ਸ਼੍ਰੀ ਗੈਂਦ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਅਤਿ ਆਧੁਨਿਕ ਤਕਨਾਲੌਜੀ ਨਾਲ ਲੈਸ ਵਿਸ਼ਵ ਦੀ ਹਾਣੀ ਮਸ਼ੀਨਰੀ ਦੇਖੀ। ਚੇਅਰਮੈਨ ਰਾਮ ਕ੍ਰਿਸ਼ਨ ਤੇ ਪ੍ਰਧਾਨ ਨਰਿੰਦਰ ਕੁਮਾਰ ਨੇ ਕਿਹਾ ਕਿ ਗਮਸਾ ਇੰਡੀਆ ਪ੍ਰਦਰਸ਼ਨੀ ਹਰ ਸਾਲ ਅਗਾਂਹ ਵੱਲ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਦੋ ਸਾਲ ਬਾਅਦ ਲੱਗੀ ਗਮਸਾ ਪ੍ਰਦਰਸ਼ਨੀ ਸਨਅਤਕਾਰਾਂ ਨੂੰ ਆਰਥਿਕ ਪੱਖੋਂ ਕਾਫ਼ੀ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿਚ 250 ਤੋਂ ਵੱਧ ਬ੍ਰਾਂਡ ਅਤੇ 20 ਤੋਂ ਵੱਧ ਦੇਸ਼ਾਂ ਦੀ ਕੰਪਨੀਆਂ, ਬੁਣਾਈ, ਰੰਗਾਈ, ਫਿਨਿਸ਼ਿੰਗ, ਕਢਾਈ, ਪਿ੍ੰਟਿੰਗ, ਸਿਲਾਈ ਮਸ਼ੀਨਾਂ, ਅਲਾਈਡ ਮਸ਼ੀਨਾਂ ਅਤੇ ਸਹਾਇਕ ਉਪਕਰਣਾਂ ਦੇ 2 ਹਜ਼ਾਰ ਉਤਪਾਦ ਪ੍ਰਦਰਸ਼ਿਤ ਕਰਨਗੀਆਂ।