ਲੁਧਿਆਣਾ : ਮੋਹਲ਼ੇਧਾਰ ਬਾਰਿਸ਼ ਅਤੇ ਜ਼ਬਰਦਸਤ ਤੇਜ਼ ਹਵਾਵਾਂ ਨੇ ਜਿੱਥੇ ਠੰਢ ਵਿਚ ਬੇਤਹਾਸ਼ਾ ਵਾਧਾ ਕੀਤਾ, ਉੱਥੇ ਹੀ ਕਣਕ ਅਤੇ ਸਬਜ਼ੀ ਦੇ ਨੀਵੇਂ ਖੇਤਾਂ ਅੰਦਰ ਭਾਰੀ ਮੀਂਹ ਦੌਰਾਨ ਪਾਣੀ ਭਰ ਗਿਆ ਅਤੇ ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹੀ ਹੁਣ ਫੇਰ ਸਬਜ਼ੀ ਦਾ ਭਾਰੀ ਨੁਕਸਾਨ ਕਰ ਕੇ ਕਿਸਾਨਾਂ ਦੇ ਸੁਨਹਿਰੀ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹੈ।
ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਦਰਦ ਵੀ ਝੱਲਿਆ ਨਹੀਂ ਜਾ ਰਿਹਾ, ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ। ਜਾਣਕਾਰੀ ਦਿੰਦਿਆ ਕਿਸਾਨਾਂ ਨੇ ਵੱਟਾਂ ‘ਚੋਂ ਆਲੂ ਕੱਢ ਕੇ ਦਿਖਾਉਦਿਆਂ ਦੱਸਿਆ ਕਿ ਮੀਂਹ ਨੇ ਆਲੂਆਂ ਤੇ ਸਬਜ਼ੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਪਏ ਹਨ ਤੇ ਹੁਣ ਲਗਾਤਾਰ ਪੈ ਰਹੇ ਇਸ ਮੀਂਹ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ‘ਚ ਭਾਰੀ ਵਾਧਾ ਕਰ ਦਿੱਤਾ ਹੈ।
ਇਸੇ ਤਰ੍ਹਾਂ ਕਿਸਾਨ ਜਗਰਾਜ ਸਿੰਘ ਪੱੁਤਰ ਮਹਿੰਦਰ ਸਿੰਘ ਦੇ 30 ਏਕੜ ਆਲੂ, ਗੁਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੇ 15 ਏਕੜ, ਅਮਿ੍ੰਤਪਾਲ ਸਿੰਘ ਪੁੱਤਰ ਰਣਜੀਤ ਸਿੰਘ ਗੌਂਸਪੁਰ ਦੇ 80 ਏਕੜ ਆਲੂ, ਅਵਤਾਰ ਸਿੰਘ ਪੁੱਤਰ ਜੁਗਿੰਦਰ ਸਿੰਘ ਦੇ 15 ਏਕੜ, ਕਿਸਾਨ ਪਲਵਿੰਦਰ ਸਿੰਘ ਗੋਰਾਹੂਰ ਦੇ 22 ਏਕੜ ਆਦਿ ਕਿਸਾਨਾਂ ਦੀ ਆਲੂ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ।
ਇਸ ਮੌਕੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਜਗਤਾਰ ਸਿੰਘ ਬੀਰਮੀ, ਗੁਰਜੀਤ ਸਿੰਘ ਮੰਤਰੀ ਨੇ ਦੱਸਿਆ ਕਿ ਕਰੀਬ 170 ਏਕੜ ਆਲੂ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ਤੇ ਇਕ ਏਕੜ ‘ਤੇ ਕਰੀਬ ਡੇਢ ਲੱਖ ਰੁਪਏ ਖ਼ਰਚਾ ਆਇਆ ਹੈ, ਜਿਸ ਤਰ੍ਹਾਂ 35 ਹਜ਼ਾਰ ਰੁਪਏ ਦਾ ਆਲੂ ਦਾ ਬੀਜ, ਕਰੀਬ 35 ਹਜ਼ਾਰ ਰੁਪਏ ਰੇਹ ਸਪਰੇ੍ਹਆਂ ਅਤੇ ਜ਼ਮੀਨ ਦਾ ਠੇਕਾ 55 ਹਜ਼ਾਰ ਰੁਪਏ ਤੋਂ ਇਲਾਵਾ ਹੋਰ ਖ਼ਰਚੇ। ਨੀਵੀਆ ਥਾਵਾਂ ‘ਤੇ ਪਾਣੀ ਖੜ੍ਹਾ ਹੋਣ ਕਾਰਨ ਕਣਕ ਦੀ ਫ਼ਸਲ ਵੀ ਪ੍ਰਭਾਵਿਤ ਹੋ ਰਹੀ ਹੈ।
ਕਣਕ ਨੂੰ ਪੀਲੀ ਕੁੰਗੀ ਲੱਗਣ ਦਾ ਖ਼ਤਰਾ ਬਣ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਹੋਰ ਵਾਧਾ ਹੋ ਜਾਵੇਗਾ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਸਬੰਧੀ ਵਿਭਾਗ ਪਾਸੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ੇ ਦੀ ਮੰਗ ਕੀਤੀ।