ਰੂਪਨਗਰ : ਐਤਵਾਰ ਦੀ ਅੱਧੀ ਰਾਤ ਨੂੰ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਪਟੜੀ ਤੇ ਚੜ੍ਹੇ ਲਾਵਾਰਸ ਬਲਦਾਂ ਦੇ ਝੁੰਡ ਕਾਰਨ ਮਾਲਗੱਡੀ ਪਲਟ ਗਈ। 56 ਵਿੱਚੋਂ 16 ਬੋਗੀਆਂ ਵੱਡੇ ਪੱਧਰ ‘ਤੇ ਨੁਕਸਾਨੀਆਂ ਗਈਆਂ ਹਨ। ਬੋਗੀਆਂ ਇਕ ਦੂਜੇ ਦੇ ਉੱਪਰ ਚੜ੍ਹ ਗਈਆਂ। ਰੇਲਵੇ ਟਰੈਕ ਵਿਚ ਵੀ ਵਿਘਨ ਪਿਆ ਹੈ ਅਤੇ ਟਰੈਕ ‘ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਵੀ ਨੁਕਸਾਨੇ ਗਏ ਹਨ।
ਉਸ ਤੋਂ ਬਾਅਦ ਰੇਲਵੇ ਟਰੈਕ ‘ਚ ਵਿਘਨ ਪੈਣ ਕਾਰਨ ਰੂਪਨਗਰ ਰੇਲਵੇ ਸਟੇਸ਼ਨ ਤੇ ਕੋਈ ਵੀ ਰੇਲ ਗੱਡੀ ਨਹੀਂ ਆ ਸਕੀ। ਰੇਲਵੇ ਟਰੈਕ ‘ਤੇ ਆਉਣ ਵਾਲੀਆਂ ਚਾਰ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦਕਿ ਇਸ ਟਰੈਕ ‘ਤੇ ਆਉਣ ਵਾਲੀਆਂ ਹੋਰ ਮਾਲ ਗੱਡੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਹਾਦਸਾਗ੍ਰਸਤ ਹੋਈ ਮਾਲਗੱਡੀ ਤੋਂ ਪਹਿਲਾਂ ਇਕ ਯਾਤਰੀ ਰੇਲ ਗੱਡੀ ਉਸੇ ਰੇਲਵੇ ਟਰੈਕ ਤੋਂ ਦਿੱਲੀ ਲਈ ਰਵਾਨਾ ਹੋ ਗਈ ਸੀ। ਜੇਕਰ ਇਹ ਹਾਦਸਾ ਸਵਾਰੀ ਗੱਡੀ ਨਾਲ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮਾਲ ਗੱਡੀ ਖਾਲੀ ਸੀ ਅਤੇ ਥਰਮਲ ਪਲਾਂਟ ਰੂਪਨਗਰ ਵਿਖੇ ਕੋਲਾ ਉਤਾਰ ਕੇ ਵਾਪਸ ਆ ਰਿਹਾ ਸੀ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਰੇਲਵੇ ਡਵੀਜ਼ਨ ਦੇ ਡੀਆਰਐੱਮ ਗੁਰਿੰਦਰ ਮੋਹਨ ਸਿੰਘ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਦੀ ਟੀਮ ਨੇ ਨੁਕਸਾਨ ਦਾ ਜਾਇਜ਼ਾ ਲਿਆ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 5 ਵਜੇ ਤੱਕ ਰੇਲਵੇ ਟਰੈਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।