ਸਮਰਾਲਾ : ਥਾਣਾ ਸਮਰਾਲਾ ਦੀ ਪੁਲਿਸ ਨੇ ਆਪਣੇ ਆਪ ਨੂੰ ਹਾਈਕੋਰਟ ਦੀ ਵਕੀਲ ਦੱਸ ਕੇ ਸ਼ਿਕਾਇਤਕਰਤਾ ਦਾ ਕੇਸ ਹਾਈਕੋਰਟ ‘ਚ ਦਾਇਰ ਕਰਨ ਬਦਲੇ ਉਸ ਨਾਲ 42 ਹਜ਼ਾਰ ਦੀ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਕਿਰਨ ਅਗਨੀਹੋਤਰੀ ਉਰਫ ਦੀਪ ਕਿਰਨ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਗੁਰਮੇਲ ਸਿੰਘ ਵਾਸੀ ਸੁਲਤਾਨਪੁਰ ਨੇ ਦੱਸਿਆ ਉਸ ਦੇ ਪੁੱਤਰ ਬਾਬੂ ਸਿੰਘ ਦੀ ਮੌਤ ਹਾਦਸੇ ‘ਚ ਹੋ ਗਈ ਸੀ ਤੇ ਇਨਸਾਫ ਲਈ ਕੇਸ ਲੁਧਿਆਣਾ ਅਦਾਲਤ ‘ਚ ਲਗਾਇਆ ਹੋਇਆ ਹੈ। ਉਕਤ ਔਰਤ ਉਨ੍ਹਾਂ ਨੂੰ ਲੁਧਿਆਣਾ ‘ਚ ਮਿਲੀ ਤੇ ਖੁਦ ਨੂੰ ਹਾਈਕੋਰਟ ਦੀ ਵਕੀਲ ਦੱਸ ਕੇ ਉਪਰ ਕੇਸ ਲਾਉਣ ਦੇ ਬਹਾਨੇ ਪੰਜ ਵਾਰ ‘ਚ 42 ਹਜ਼ਾਰ ਰੁਪਏ ਲੈ ਲਏ ਤੇ ਸਾਡਾ ਕੇਸ ਹਾਈਕੋਰਟ ‘ਚ ਦਾਖਲ ਹੀ ਨਹੀਂ ਕੀਤਾ। ਜਦੋਂ ਇਸ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ।
ਪੁਲਿਸ ਦੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਵੱਲੋਂ ਉਕਤ ਮਾਮਲੇ ਦੀ ਜਾਂਚ ਕਰਨ ਤੇ ਸ਼ਿਕਾਇਤਕਰਤਾ ਵੱਲੋਂ ਮੁਲਜਮ ‘ਤੇ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਸ ‘ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।