ਲੁਧਿਆਣਾ : ਲੁਧਿਆਣਾ ‘ਚ ਮਿਊਜ਼ਿਕ ਕੰਪਨੀ ਰਾਹੀਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਔਰਤ ਸਣੇ ਦੋ ਵਿਅਕਤੀਆਂ ਨੇ ਹਰਨਾਮਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਨਾਮ ਦੇ ਵਿਅਕਤੀ ਨਾਲ ਧੋਖਾਧੜੀ ਕਰ ਲਈ। ਤਕਰੀਬਨ ਅੱਠ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੰਦੀਪ ਸਿੰਘ ਦੇ ਬਿਆਨ ਉੱਪਰ ਜੋਸ਼ੀ ਨਗਰ ਹੈਬੋਵਾਲ ਦੀ ਰਹਿਣ ਵਾਲੀ ਪਰਮਜੀਤ ਕੌਰ ਅਤੇ ਰਣਜੀਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਸਾਲ 2021 ਦੀ ਸ਼ੁਰੂਆਤ ਵਿੱਚ ਉਹ ਰਣਜੀਤ ਸਿੰਘ ਅਤੇ ਪਰਮਜੀਤ ਕੌਰ ਦੇ ਸੰਪਰਕ ਵਿੱਚ ਆਇਆ। ਦੋਵਾਂ ਮੁਲਜ਼ਮਾਂ ਨੇ ਉਸ ਨੂੰ ਸਿਮਰਨ ਮਿਊਜ਼ੀਕਲ ਕੰਪਨੀ ਦੇ ਜ਼ਰੀਏ ਅਮਰੀਕਾ ਭੇਜਣ ਦੀ ਗੱਲ ਆਖੀ ਅਤੇ ਉਸ ਕੋਲੋਂ ਦੋ ਲੱਖ ਰੁਪਏ ਦੀ ਨਕਦੀ ਹਾਸਲ ਕਰ ਲਈ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮਾਂ ਨੇ ਸੰਦੀਪ ਨੂੰ ਨਾ ਤਾਂ ਅਮਰੀਕਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ।
19 ਦਸੰਬਰ ਨੂੰ ਸੰਦੀਪ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਤਕਰੀਬਨ ਅੱਠ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਰਣਜੀਤ ਸਿੰਘ ਅਤੇ ਪਰਮਜੀਤ ਕੌਰ ਦੇ ਖਿਲਾਫ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।