ਲੁਧਿਆਣਾ : ਕੋਰੀਅਰ ਕੰਪਨੀ ਦੇ ਦਫ਼ਤਰ ਤੋਂ ਪੰਜ ਲੱਖ ਦੀ ਲੁੱਟ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਪਿ੍ੰਸ ਮਹਿਤਾ ਉਰਫ਼ ਕਾਕਾ ਪੁੱਤਰ ਸੁਭਾਸ਼ ਮਹਿਤਾ ਵਾਸੀ ਕਰਮਸਰ ਕਾਲੋਨੀ, ਆਕਾਸ਼ਦੀਪ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਇੰਦਰਾ ਕਾਲੋਨੀ, ਸੁਰਿੰਦਰ ਪਾਲ ਉਰਫ ਮੋਨੂੰ ਵਾਸੀ ਗਰੇਵਾਲ ਕਾਲੋਨੀ ਤੇ ਰੋਹਿਤ ਪੁੱਤਰ ਸਤੀਸ਼ ਕੁਮਾਰ ਵਾਸੀ ਟਿੱਬਾ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਆਕਾਸ਼ਦੀਪ ਦਸਵੀਂ ਪਾਸ ਹੈ ਅਤੇ ਫਗਵਾੜਾ ਸਥਿਤ ਇਕ ਪੀ.ਜੀ. ‘ਤੇ ਕੰਮ ਕਰਦਾ ਹੈ, ਜਦਕਿ ਦੂਜਾ ਕਥਿਤ ਦੋਸ਼ੀ ਸੁਰਿੰਦਰਪਾਲ ਉਰਫ ਮੋਨੂੰ ਐਮਾਜ਼ੋਨ ਕੰਪਨੀ ਵਿਚ ਕੰਮ ਕਰਦਾ ਹੈ। ਤੀਜਾ ਕਥਿਤ ਦੋਸ਼ੀ ਰੋਹਿਤ ਦਾਣਾ ਮੰਡੀ ਸਥਿਤ ਚਾਹ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਪਿ੍ੰਸ ਮਹਿਤਾ ਵੀ ਚਾਹ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਇਨ੍ਹਾਂ ਦੇ ਦੋ ਹੋਰ ਸਾਥੀ ਵਿਸ਼ਾਲ ਪੁੱਤਰ ਸੁਭਾਸ਼ ਮਹਿਤਾ ਅਤੇ ਜੋਗਿੰਦਰ ਵਾਸੀ ਸੁਭਾਸ਼ ਨਗਰ ਅਜੇ ਫ਼ਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਮੋਟਰਸਾਈਕਲ, ਵਾਰਦਾਤ ਵਿਚ ਵਰਤਿਆ ਦਾਤਰ ਤੇ ਇਕ ਕਾਰ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਇਹ ਸਾਰੇ ਕਥਿਤ ਦੋਸ਼ੀ ਦਾਣਾ ਮੰਡੀ ਨੇੜੇ ਸਥਿਤ ਰਿਸ਼ੀ ਸ਼ਰਮਾ ਦੇ ਕੋਰੀਅਰ ਦਫ਼ਤਰ ‘ਚੋਂ ਪੰਜ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਨੌਜਵਾਨਾਂ ਵਲੋਂ ਬੰਟੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਪਾਸੋਂ ਨਕਦੀ ਲੁੱਟ ਲਈ ਸੀ।