ਲੁਧਿਆਣਾ : ਜੈਪੁਰ ਤੋਂ ਪੰਜਾਬ ਲਈ ਖਰੀਦੀਆਂ ਗਈਆਂ ਸਰਕਾਰੀ ਬੱਸਾਂ ਦੀ ਬਾਡੀ ਬਣਾਉਣ ਦਾ ਮਾਮਲਾ ਗਰਮਾ ਗਿਆ ਹੈ। ਕਾਂਗਰਸ ਸਰਕਾਰ ‘ਚ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਤਿਆਰ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਸੀ ਕਿ ਬੱਸਾਂ ਦੀ ਬਾਡੀ ਦੀ ਖਰੀਦ ਅਤੇ ਗੁਣਵੱਤਾ ਵਿੱਚ ਗੜਬੜ ਹੈ। ਜਿਸ ਦੀ ਸਰਕਾਰ ਜਾਂਚ ਕਰੇਗੀ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਚਰਨਜੀਤ ਚੰਨੀ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਵੜਿੰਗ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੀਆਂ ਬੱਸਾਂ ਖ਼ਰੀਦੀਆਂ ਸਨ। ਵੜਿੰਗ ਕਰੀਬ ਸਾਢੇ ਤਿੰਨ ਮਹੀਨੇ ਟਰਾਂਸਪੋਰਟ ਮੰਤਰੀ ਰਹੇ। ਲਗਭਗ 825 ਨਵੀਆਂ ਬੱਸਾਂ ਖਰੀਦੀਆਂ ਗਈਆਂ।
ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਬੱਸਾਂ ਦੀਆ ਬੋਡੀਆਂ ਜੈਪੁਰ ਤੋਂ ਬਣਾਈਆਂ ਗਈਆਂ ਸਨ, ਦੀ ਕੁਆਲਿਟੀ ਚੰਗੀ ਨਹੀਂ ਹੈ। ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਸਵਾਲ ਕੀਤਾ ਕਿ ਇਹ ਬੋਡੀਆਂ ਪੰਜਾਬ ਅਤੇ ਹਰਿਆਣਾ ਤੋਂ ਵੀ ਬਣਾਈ ਜਾ ਸਕਦੀ ਸੀ। ਮੰਤਰੀ ਵੜਿੰਗ ਨੇ ਜੈਪੁਰ ਤੋਂ ਹੀ ਇਸ ਨੂੰ ਕਿਉਂ ਬਣਾਇਆ? ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਜਿਸ ਵਿਚ ਵੜਿੰਗ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਰਾਜਾ ਵੜਿੰਗ ਹੀ ਨਹੀਂ, ਸਗੋਂ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਵੀ ਮਾਨ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਸੋਨੀ ਨੇ ਪਰਿਵਾਰਵਾਦ ਅਧੀਨ ਥੋੜ੍ਹੇ ਜਿਹੇ ਪੈਸਿਆਂ ਲਈ ਆਪਣੇ ਭਤੀਜੇ ਦੇ ਨਾਂ ਅਰਬਾਂ ਰੁਪਏ ਦੀ ਜਾਇਦਾਦ ਕਿਰਾਏ ‘ਤੇ ਲਈ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਲੀਜ਼ ਨੂੰ ਰੱਦ ਕਰ ਦਿੱਤਾ ਜਾਵੇਗਾ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।