ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਹਿ ਚੁੱਕੇ ਸੁੱਚਾ ਸਿੰਘ ਛੋਟੇਪੁਰ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਬਟਾਲਾ ਹਲਕੇ ਤੋਂ ਪਾਰਟੀ ਦੀ ਟਿਕਟ ਦੇਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਬਟਾਲਾ ਵਿਚ ਇੰਦਰ ਸੇਖੜੀ ਤੋਂ ਇਲਾਵਾ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ਵਾਹਲਾ ਟਿਕਟ ਪ੍ਰਾਪਤੀ ਲਈ ਯਤਨਸ਼ੀਲ ਰਹੇ ਹਨ। ਇਸੇ ਤਰ੍ਹਾਂ ਯੂਥ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਵੀ ਦਾਅਵੇਦਾਰੀ ਕਰ ਰਹੇ ਸਨ ।
ਸੂਤਰਾਂ ਮੁਤਾਬਕ ਅੰਦਰੂਨੀ ਹਲਕੇ ਵਿਚ ਹਿੰਦੂ ਵੋਟਰਾਂ ’ਤੇ ਰਸੂਖ ਰੱਖਦੇ ਸੁਭਾਸ਼ ਓਹਰੀ ਵੀ ਬਟਾਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਤੋਂ ਸੀਟ ਲੈਣ ਲਈ ਅੰਦਰਖਾਤੇ ਹੱਥ ਪੈਰ ਮਾਰ ਰਹੇ ਸਨ। ਜ਼ਿਕਰਯੋਗ ਹੈ ਕਿ 2016 ਵਿਚ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਵਿਚ ਸੂਬਾ ਕਨਵੀਨਰ ਵਜੋਂ ਭੂਮਿਕਾ ਨਿਭਾਅ ਚੁੱਕੇ ਸਨ। 2016 ਵਿਚ ‘ਆਪ’ ਨੂੰ ਪੰਜਾਬ ’ਚ ਸਿਖਰ ’ਤੇ ਪਹੁੰਚਾਉਣ ਲਈ ਛੋਟੇਪੁਰ ਦਾ ਅਹਿਮ ਰੋਲ ਰਿਹਾ ਹੈ।