ਲੁਧਿਆਣਾ : ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਦੀ ਭਾਲ ਕਰਨ ਲਈ ਹੁਣ ਟ੍ਰੇਂਡ ਵਿਦੇਸ਼ੀ ਕੁੱਤਿਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਹ ਕੁੱਤੇ ਜੇਲ੍ਹ ਦੀਆਂ ਬੈਰਕਾਂ ਵਿਚ ਸੁੰਘ ਕੇ ਦੱਸਣਗੇ ਕਿ ਮੋਬਾਈਲ ਫੋਨ ਕਿਥੇ ਰੱਖਿਆ ਗਿਆ ਹੈ। ਸੂਬੇ ਦੇ ਜੇਲ੍ਹ ਵਿਭਾਗ ਨੇ ਲੁਧਿਆਣਾ ਜੇਲ੍ਹ ਤੋਂ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਸੈਂਟਰਲ ਜੇਲ੍ਹ ਵਿਚ 4 ਵਿਦੇਸ਼ੀ ਕੁੱਤਿਆਂ ਦੀ ਤਾਇਨਾਤੀ ਕੀਤੀ ਗਈ ਹੈ।
ਵਧਦੀਆਂ ਵਾਰਦਾਤਾ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਜੇਲ੍ਹ ਵਿਭਾਗ ਨੇ ਜੇਲ੍ਹ ਦੀਆਂ ਕੋਠੜੀਆਂ ਵਿਚ ਲੁਕੇ ਮੋਬਾਈਲ ਫੋਨ ਦੀ ਭਾਲ ਲਈ ਟ੍ਰੇਂਡ ਖੋਜੀ ਕੁੱਤਿਆਂ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ। ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਬੈਲਜ਼ੀਅਮ ਮੈਲੀਨੋਇਸ ਨਸਲ ਦੇ ਕੁੱਤਿਆਂ ਦਾ ਇਸਤੇਮਾਲ ਲੁਕੇ ਫੋਨਾਂ ਨੂੰ ਸੁੰਘਣ ਲਈ ਕੀਤਾ ਜਾਵੇਗਾ।
ਟ੍ਰਾਇਲ ਦੇ ਆਧਾਰ ‘ਤੇ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਚਾਰ ਕੁੱਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਬੈਲਜੀਅਨ ਮੈਲੀਨੋਇਸ ਉਹੀ ਕੁੱਤੇ ਹਨ ਜੋ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਬੈਲਜੀਅਨ ਮੈਲੀਨੋਇਸ ਅਪਰਾਧੀਆਂ ਨੂੰ ਫੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਨ੍ਹਾਂ ਦੀ ਸੁੰਘਣ ਦੀ ਸਮਰੱਥਾ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਹ 9 ਗਜ਼ ਦੀ ਦੂਰੀ ਤੋਂ ਆਪਣੇ ਸ਼ਿਕਾਰ ਨੂੰ ਟ੍ਰੈਕ ਕਰ ਸਕਦਾ ਹੈ। ਨਾਲ ਹੀ ਦੋ ਫੁੱਟ ਦੀ ਡੂੰਘਾਈ ਵਿਚ ਲੁਕੇ ਸਾਮਾਨ ਵੀ ਸੁੰਘ ਕੇ ਪਤਾ ਲਗਾ ਲੈਂਦੇ ਹਨ। ਇੰਨਾ ਹੀ ਨਹੀਂ, ਜੇਕਰ ਕਿਸੇ ਜਗ੍ਹਾ ਤੋਂ ਕੋਈ ਇਨਸਾਨ 24 ਘੰਟੇ ਪਹਿਲਾਂ ਹੀ ਗੁਜਰਿਆ ਹੈ ਤਾਂ ਬੈਲਜ਼ੀਅਮ ਮੈਲੀਨੋਇਸ ਉਸ ਦਾ ਵੀ ਪਤਾ ਲਗਾ ਲੈਂਦੇ ਹਨ। ਇਹ ਕੁੱਤੇ ਕਾਫੀ ਫੁਰਤੀਲੇ ਹੁੰਦੇ ਹਨ। ਇਕ ਰਿਪੋਰਟ ਅਨੁਸਾਰ ਇਸ ਸਾਲ ਇਕੱਲੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ 2600 ਤੋਂ ਵੱਧ ਮੋਬਾਈਲ ਬਰਾਮਦ ਹੋਏ ਹਨ।