ਲੁਧਿਆਣਾ : ਪੀ ਏ ਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ: ਗੁਰਵੀਰ ਕੌਰ ਨੂੰ “ਜੀਵੀ ਸੁਰੱਖਿਆ ਲਈ ਬਾਜਰੇ ਅਤੇ ਬੀਜਾਂ ਦੇ ਮਸਾਲਿਆਂ ਦਾ ਵਿਕਾਸ ਅਤੇ ਪ੍ਰੋਤਸਾਹਨ” ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਪੇਪਰ ਪੇਸ਼ਕਾਰੀ ਲਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਕਾਨਫਰੰਸ ਬੀਤੇ ਦਿਨੀਂ ਖੇਤੀਬਾੜੀ ਯੂਨੀਵਰਸਿਟੀ, ਜੋਧਪੁਰ, ਰਾਜਸਥਾਨ ਵਿਖੇ ਕਰਵਾਈ ਗਈ।
ਡਾ: ਗੁਰਵੀਰ ਕੌਰ ਨੇ ਬਾਜਰੇ ਦੇ ਇੰਜੀਨੀਅਰਿੰਗ ਅਤੇ ਮਿਲਿੰਗ ਵਿਸ਼ੇਸ਼ਤਾਵਾਂ ਦੇ ਪ੍ਰਭਾਵ” ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ। ਉਨ੍ਹਾਂ ਦੇ ਅਧਿਐਨ ਦਾ ਉਦੇਸ਼ ਇੰਜਨੀਅਰਿੰਗ ਵਿਸ਼ੇਸ਼ਤਾਵਾਂ, ਮਿਲਿੰਗ ਵਿਸ਼ੇਸ਼ਤਾਵਾਂ ਅਤੇ ਪੌਸ਼ਟਿਕ ਤੱਤਾਂ ਦੀ ਜੈਵ-ਉਪਲਬਧਤਾ ‘ਤੇ ਬਾਜਰੇ ਨੂੰ ਸਟੀਮਿੰਗ, ਬਲੈਂਚਿੰਗ ਅਤੇ ਭਿੱਜਣ ਦੇ ਪ੍ਰਭਾਵ ਨੂੰ ਨਿਰਧਾਰਤ ਕਰਨਾ ਸੀ। ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਡਾ: ਗੁਰਵੀਰ ਕੌਰ ਨੂੰ ਇਸ ਪ੍ਰਾਪਤੀ ਅਤੇ ਸਫਲਤਾ ਲਈ ਵਧਾਈ ਦਿੱਤੀ।