ਲੁਧਿਆਣਾ : ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਨਜ਼ਦੀਕ ਸਥਿਤ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਦਫ਼ਤਰ ਵਿਚ ਫਲਾਇੰਗ ਸਕੂਐਡ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਉੱਥੇ ਮੌਜੂਦ ਸੀ.ਸੀ.ਟੀ.ਵੀ. ਕੈਮਰੇ ਤੇ ਹੋਰ ਦਸਤਾਵੇਜ਼ ਕਬਜ਼ੇ ‘ਚ ਲਏ ਜਾ ਰਹੇ ਹਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਡਿਵੈੱਲਪਮੈਂਟ ਦੇ ਨਾਮ ਤੇ ਪੈਸੇ ਵੰਡਣ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਤੇ ਇਹ ਛਾਪੇਮਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਕਮ ਮੁੱਖ ਚੋਣ ਅਧਿਕਾਰੀ ਨੂੰ ਮਿਲੀ ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਡਿਸਪੈਚ ਰਜਿਸਟਰ ਵਿਚ 7 ਜਨਵਰੀ ਤੋਂ ਬਾਅਦ ਕੋਈ ਐਂਟਰੀ ਨਹੀਂ ਕੀਤੀ ਗਈ ਹੈ, 8 ਜਨਵਰੀ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਛੁੱਟੀ ਦੇ ਦਿਨ 9 ਜਨਵਰੀ ਨੂੰ ਕੁਝ ਪਲਾਟਾਂ ਸੰਬੰਧੀ ਦਸਤਾਵੇਜ਼ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਵਰਕਰ ਆਰਡਰ ਜਾਰੀ ਕਰਨ ਦੀ ਐਂਟਰੀ 7 ਜਨਵਰੀ ਵਿਚ ਹੀ ਦਰਜ ਕੀਤੀ ਗਈ ਹੈ।