ਪੀ.ਏ.ਯੂ. 14 ਸਤੰਬਰ ਨੂੰ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੇ ਚਾਰ ਕਿਸਾਨ ਅਤੇ ਇੱਕ ਕਿਸਾਨ ਬੀਬੀ ਨੂੰ ਸਨਮਾਨਿਤ ਕਰਨ ਜਾ ਰਹੀ ਹੈ | ਇਸਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹਨਾਂ ਕਿਸਾਨਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪੂਰਨੇ ਪਾਏ ਹਨ ਅਤੇ ਇਹ ਹੁਣ ਹੋਰ ਕਿਸਾਨਾਂ ਲਈ ਪ੍ਰੇਰਨਾ ਦੇ ਸਰੋਤ ਬਣ ਗਏ ਹਨ |
ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਸ. ਪਰਮਜੀਤ ਸਿੰਘ ਪਿੰਡ ਬੁੱਕਣ ਵਿਖੇ ਨਗਰ (ਬਾਹਮਣ ਵਾਲਾ) ਬਲਾਕ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਦਾ ਅਗਾਂਹਵਧੂ ਕਿਸਾਨ ਹੈ ਜੋ 20 ਏਕੜ ਆਪਣੇ ਅਤੇ 15 ਏਕੜ ਠੇਕੇ ਤੇ ਲੈ ਕੇ ਕੁੱਲ 35 ਏਕੜ ਜ਼ਮੀਨ ਵਿਚ ਪਿਛਲੇ 16 ਸਾਲਾਂ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ| ਸਬਜ਼ੀਆਂ, ਮਾਲਟਾ, ਆਲੂਬੁਖਾਰਾ ਅਤੇ ਜਾਮਨ ਆਦਿ ਦੀ ਜੈਵਿਕ ਕਾਸ਼ਤ ਕਰਨ ਵਾਲਾ ਪਰਮਜੀਤ ਖੇਤੀ ਵੰਨ-ਸੁਵੰਨਤਾ ਵਿਚ ਉੱਘਾ ਯੋਗਦਾਨ ਪਾ ਰਿਹਾ ਹੈ|
ਇਸ ਵਾਰ ਸ. ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਸ. ਅੰਮ੍ਰਿਤ ਸਿੰਘ, ਪਿੰਡ ਧਨੇਠਾ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਨੂੰ ਦਿੱਤਾ ਜਾ ਰਿਹਾ ਹੈ| ਉਹ ਹਾੜ੍ਹੀ ਦੇ ਵਿਚ ਪਿਆਜ਼, ਬੈਂਗਣ, ਖੀਰਾ ਅਤੇ ਘੀਆ ਕੱਦੂ ਦੀ ਕਾਸ਼ਤ ਕਰਦਾ ਹੈ ਅਤੇ ਸਾਉਣੀ ਦੇ ਵਿਚ ਮਿਰਚਾਂ, ਸ਼ਿਮਲਾ ਮਿਰਚਾਂ ਅਤੇ ਫਰਾਂਸਬੀਨ ਉਸਦੀਆਂ ਮੱੁਖ ਸਬਜ਼ੀਆਂ ਹੁੰਦੀਆਂ ਹਨ|
ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਜੇਤੂ ਸ. ਨਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪਟਿਆਲਾ ਦੀ ਨਾਭਾ ਤਹਿਸੀਲ ਦੇ ਪਿੰਡ ਦਿਤੂਪੁਰ, ਡਾਕਖਾਨਾ ਡਕੌਂਦਾ ਦਾ 50 ਸਾਲਾ ਕਿਸਾਨ ਹੈ| ਪਿਛਲੇ 25 ਸਾਲਾਂ ਤੋਂ ਇਹ ਕਿਸਾਨ ਖੇਤ ਫਸਲਾਂ ਦੀ ਕਾਸ਼ਤ ਨਾਲ ਜੁੜ ਕੇ ਵਿਗਿਆਨਕ ਤਰੀਕਿਆਂ ਨਾਲ ਆਪਣੇ ਕਾਰਜ ਨੂੰ ਕਰ ਰਿਹਾ ਹੈ| ਇਸ ਕਿਸਾਨ ਨੇ ਖੇਤੀ ਦੀ ਉਪਜ ਅਤੇ ਵਾਤਾਵਰਣ ਦੀ ਸੰਭਾਲ ਵਿਚਕਾਰ ਸੂਝਮਈ ਸੁਮੇਲ ਸਥਾਪਿਤ ਕੀਤਾ ਹੈ|
ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਸ. ਸੁਖਪਾਲ ਸਿੰਘ ਜ਼ਿਲ੍ਹਾ ਮਾਨਸਾ ਦੇ ਭੀਖੀ ਬਲਾਕ ਦੇ ਪਿੰਡ ਮੌਜੋ ਖੁਰਦ ਦਾ 30 ਸਾਲਾ ਨੌਜਵਾਨ ਨੂੰ ਦਿੱਤਾ ਜਾ ਰਿਹਾ ਹੈ| ਸ. ਸੁਖਪਾਲ ਸਿੰਘ ਗਰਮੀਆਂ ਦੀ ਰੁੱਤੇ ਚੌਲੇ, ਕੱਦੂ, ਤੋਰੀ, ਪੇਠਾ, ਮਿਰਚ, ਟਮਾਟਰ, ਭਿੰਡੀ ਅਤੇ ਬੈਂਗਣ ਦੀ ਕਾਸ਼ਤ ਕਰਦਾ ਹੈ ਅਤੇ ਸਰਦ ਰੁੱਤ ਦੀਆਂ ਸਬਜ਼ੀਆਂ ਵਿਚ ਗਾਜਰ, ਪਾਲਕ, ਮੂਲੀ, ਅਗੇਤੀ ਅਤੇ ਪਿਛੇਤੀ ਗੋਭੀ, ਸਰ੍ਹੋਂ ਦਾ ਸਾਗ, ਧਨੀਆਂ, ਬੰਦ ਗੋਭੀ ਅਤੇ ਸ਼ਲਗਮ ਬੀਜਦਾ ਹੈ|
ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਬੀਬੀ ਗੁਰਬੀਰ ਕੌਰ ਪਿੰਡ ਝੰਡੇਵਾਲਾ ਡਾਕਖਾਨਾ ਬੁੱਧ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੀ 48 ਵਰ੍ਹਿਆਂ ਦੀ ਇੱਕ ਸਫਲ ਅਤੇ ਤਜਰਬੇਕਾਰ ਕਿਸਾਨ ਬੀਬੀ ਨੂੰ ਦਿੱਤਾ ਜਾ ਰਿਹਾ ਹੈ| ਉਹ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਬਹੁਤ ਹੀ ਸੁਚੱਜੇ ਅਤੇ ਆਧੁਨਿਕ ਤਰੀਕੇ ਨਾਲ ਕਰਦੀ ਹੈ| ਬੀਬੀ ਗੁਰਬੀਰ ਕੌਰ ਜੋ ਕਿ ਇੱਕ ਪੜ੍ਹੀ ਲਿਖੀ ਔਰਤ ਹੈ ਅਤੇ ਪੀਏਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਨਵੇਂ ਤਕਨੀਕੀ ਢੰਗ ਅਪਣਾ ਕੇ ਖੇਤੀ ਕਰਦੀ ਹੈ|
ਭਾਈ ਬਾਬੂ ਸਿੰਘ ਬਰਾੜ ਬੈਸਟ ਛੱਪੜ ਐਵਾਰਡ ਇਸ ਵਾਰ ਪਿੰਡ ਕਲ੍ਹਾ ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਦੇ ਹਿੱਸੇ ਆ ਰਿਹਾ ਹੈ| ਇਸ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਡੇਢ ਏਕੜ ਰਕਬੇ ਵਿਚ ਬਣਿਆ 13 ਫੁੱਟ ਡੂੰਘਾ ਛੱਪੜ ਝੀਲ ਦਾ ਨਜ਼ਾਰਾ ਪੇਸ਼ ਕਰਦਾ ਹੈ, ਜਿਸਨੂੰ ਦੇਖਣ ਲਈ ਦੂਰੋ-ਦੂਰੋਂ ਲੋਕ ਆਉਂਦੇ ਹਨ| ਪਿੰਡ ਦੀ ਸਰਪੰਚ ਸ੍ਰੀਮਤੀ ਗੁਰ ਸਿਮਰਤਪਾਲ ਕੌਰ ਪਤਨੀ ਸ. ਬਲਦੇਵ ਸਿੰਘ ਦੀ ਦੂਰ ਅੰਦੇਸ਼ੀ ਸਦਕਾ ਛੱਪੜ ਤੋਂ ਝੀਲ ਬਣੀ ਇਹ ਸੈਰਗਾਹ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾ ਨੂੰ ਆਪਣੇ ਵੱਲ ਖਿੱਚ ਪਾਉਂਦੀ ਹੈ|