ਲੁਧਿਆਣਾ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਮੰਗਲਵਾਰ ਨੂੰ ਤਾਜਪੁਰ ਰੋਡ ਡੰਪ ਸਾਈਟ ‘ਤੇ ਵਿਰਾਸਤੀ ਰਹਿੰਦ-ਖੂੰਹਦ ਦੇ ਬਾਇਓਰੀਮੀਡੀਏਸ਼ਨ ਪਲਾਂਟ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜੋ ਅਗਲੇ 22 ਮਹੀਨਿਆਂ ਵਿੱਚ ਆਪਣੇ ਪਹਿਲੇ ਪੜਾਅ ਤਹਿਤ ਪੰਜ ਲੱਖ ਟਨ ਵਿਰਾਸਤੀ ਰਹਿੰਦ-ਖੂੰਹਦ ਦੀ ਨਿਕਾਸੀ ਕਰੇਗਾ।
ਇਸ ਪ੍ਰੋਜੈਕਟ ‘ਤੇ 27.17 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ ਚਲਾਇਆ ਜਾ ਰਿਹਾ ਹੈ। ਲੈਂਡਫਿਲ ਸਾਈਟ ਦਾ ਕੁੱਲ ਖੇਤਰਫਲ 51.36 ਏਕੜ ਹੈ ਜੋ ਕਿ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸਾਈਟ ‘ਤੇ ਕੁਲ ਇਕੱਠਾ ਹੋਇਆ ਵਿਰਾਸਤੀ ਕੂੜਾ ਲਗਭਗ 25 ਲੱਖ ਮੀਟਰਕ ਟਨ ਹੈ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦਲਜੀਤ ਸਿੰਘ ਗਰੇਵਾਲ, ਮਦਨ ਲਾਲ ਬੱਗਾ, ਹਰਦੀਪ ਸਿੰਘ ਮੁੰਡੀਆਂ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਡੀਸੀ ਸੁਰਭੀ ਮਲਿਕ, ‘ਆਪ’ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼ਰਨਪਾਲ ਸਿੰਘ ਮੱਕੜ, ‘ਆਪ’ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਹਰਭੁਪਿੰਦਰ ਸਿੰਘ ਧਰੌੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ
ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਡੰਪ ਸਾਈਟ ‘ਤੇ ਇਕੱਠੇ ਹੋਏ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਬਾਇਓਰੀਮੀਡੀਏਸ਼ਨ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਗਰ ਮੋਟਰਜ਼ ਨੂੰ ਪਹਿਲੇ ਪੜਾਅ ਦਾ ਕੰਮ ਸੌਂਪਿਆ ਗਿਆ ਹੈ ਜੋ ਜ਼ੀਰੋ ਲੈਂਡਫਿਲ ਤਕਨੀਕ ਦੀ ਵਰਤੋਂ ਕਰਕੇ ਆਪਣੇ ਪਲਾਂਟ ਵਿੱਚੋਂ ਰੋਜ਼ਾਨਾ 1440 ਟਨ ਕੂੜਾ ਕਰਕਟ ਨੂੰ ਸਾਫ਼ ਕਰੇਗੀ।
ਡਾ: ਨਿੱਝਰ ਨੇ ਦੱਸਿਆ ਕਿ ਬਾਕੀ ਰਹਿੰਦੇ 19.62 ਲੱਖ ਟਨ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਪੜਾਅ-2 ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਨੂੰ ਕੂੜਾ ਡੰਪ ਵਾਲੀ ਥਾਂ ਤੋਂ ਨਿਕਲਣ ਵਾਲੀ ਬਦਬੂ ਤੋਂ ਵੱਡੀ ਰਾਹਤ ਮਿਲੇਗੀ।