ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਵਿਚ ਬੀਤੇ ਦਿਨੀ ਦੀਵਾਲੀ ਦੇ ਤਿਉਹਾਰ ਮੌਕੇ ਕੁਝ ਰਾਜਾਂ ਵਿਚ ਪਟਾਕੇ ਚਲਾਉਣ ‘ਤੇ ਪਾਬੰਧੀ ਲਗਾਈ ਗਈ ਸੀ। ਇਸ ਦੌਰਾਨ ਇਕ ਰਿਪੋਰਟ ਮੁਤਾਬਿਕ ਕਿਹਾ ਗਿਆ ਹੈ ਕਿ ਦਿੱਲੀ-ਐੱਨਸੀਆਰ ‘ਚ ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਖੁੱਲ੍ਹ ਕੇ ਆਤਿਸ਼ਬਾਜ਼ੀ ਹੋਈ।

ਇਸ ਤੋਂ ਬਾਅਦ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਿਆ। ਦਿੱਲੀ ਦੇ ਜਨਪਥ ‘ਤੇ ਸਵੇਰੇ ਪ੍ਰਦੂਸ਼ਣ ਮੀਟਰ (ਪੀਐਮ) 2.5 ਦੀ ਮਿਆਰ 655.07 ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਪੱਧਰ ‘ਚ ਪਰਾਲੀ ਸਾੜਨ ਦਾ ਯੋਗਦਾਨ ਵਧ ਕੇ 25 ਫੀਸਦੀ ਹੋ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਅੱਜ ਸਵੇਰੇ ਦਿੱਲੀ ਦੇ ਅਸਮਾਨ ਨੂੰ ਧੁੰਦ ਦੀ ਸੰਘਣੀ ਚਾਦਰ ਨੇ ਢੱਕ ਲਿਆ। ਇੱਥੇ ਬਹੁਤ ਸਾਰੇ ਲੋਕਾਂ ਨੇ ਗਲੇ ਵਿੱਚ ਖਾਰਸ਼ ਤੇ ਅੱਖਾਂ ਵਿੱਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ।

ਉੱਥੇ ਹੀ ਦਿੱਲੀ ਸਰਕਾਰ ਦੇ ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਕਈ ਲੋਕ ਸੜਕਾਂ ‘ਤੇ ਪਟਾਕੇ ਫੂਕਦੇ ਦੇਖੇ ਗਏ। ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦੀ ਪਿਛਲੇ 24 ਘੰਟਿਆਂ ਦੀ ਔਸਤ AQI ਵੀਰਵਾਰ ਨੂੰ 382 ‘ਤੇ ਪਹੁੰਚ ਗਈ, ਜੋ ਬੁੱਧਵਾਰ ਨੂੰ 314 ਸੀ। 24 ਘੰਟੇ ਦੀ ਔਸਤ AQI ਮੰਗਲਵਾਰ ਨੂੰ 303 ਤੇ ਸੋਮਵਾਰ ਨੂੰ 281 ਸੀ।
