ਲੁਧਿਆਣਾ : ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 4 ਸਾਲ ਦੇ ਸਾਸ਼ਨ ਤੋਂ ਬਾਅਦ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਉਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ‘ਚ ਆਉਣ ਦੇ ਪਹਿਲੇ 50 ਦਿਨਾਂ ‘ਚ ਹੀ ਕਰ ਦਿਖਾਇਆ। ਚੀਮਾ ਨੇ ਇਹ ਗੱਲ ਅੱਜ ਸਥਾਨਕ ਬੱਚਤ ਭਵਨ ‘ਚ ਲੁਧਿਆਣਾ ਦੇ ਉਦਯੋਗਪਤੀਆਂ ਕੋਲ ਪੁੱਜ ਕੇ ‘ਜਨਤਾ ਬਜਟ’ ਲਈ ਸੁਝਾਅ ਲੈਣ ਮੌਕੇ ਕਹੀ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਤਾ ਬਜਟ ਲਈ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ 26,000 ਤੋਂ ਵੱਧ ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕਈ ਹੋਰ ਜਨ-ਹਿਤੈਸ਼ੀ ਫੈਸਲੇ ਵੀ ਪਹਿਲਾਂ ਹੀ ਲਏ ਜਾ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਜਨਤਾ ਬਜਟ’ ਸਬੰਧੀ ਸਮਾਜ ਦੇ ਹਰ ਵਰਗ ਦੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ ਕਿ ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੇ ਬਜਟ ਵਿਚ ਸ਼ਾਮਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਜਦ ਲੋਕ ਆਪਣੇ ਸੁਝਅ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੁਝਾਅ ਦੇਣ ਦੇ ਇੱਛੁਕ 10 ਮਈ ਤੱਕ ਪੋਰਟਲ finance.punjab.gov.in ‘ਤੇ ਜਾਂ ਈਮੇਲ ਆਈਡੀ punjabdabudget@gmail.com ‘ਤੇ ਮੈਸੇਜ ਭੇਜ ਕੇ ਬਜਟ ਦੀ ਤਿਆਰੀ ਵਿਚ ਭਾਗ ਲੈ ਸਕਦੇ ਹਨ। ਬਜਟ ਸਬੰਧੀ ਆਪਣੇ ਸੁਝਾਅ ਦੇਣ ਵਾਲੇ ਕਾਰੋਬਾਰੀਆਂ ‘ਚ ਨੀਰਜ ਸਤੀਜਾ, ਅਮਿਤ ਥਾਪਰ, ਰਾਹੁਲ ਆਹੂਜਾ, ਗੁਰਮੀਤ ਸਿੰਘ ਕੁਲਾਰ, ਅਸ਼ਵਨੀ ਨਾਗਪਾਲ, ਰਜਨੀਸ਼ ਆਹੂਜਾ, ਗੁਰਪਰਗਟ ਸਿੰਘ ਕਾਹਲੋਂ, ਜੰਗ ਬਹਾਦਰ, ਵਿਨੋਦ ਥਾਪਰ, ਰਾਜਨ ਗੁਪਤਾ ਆਦਿ ਮੌਜੂਦ ਸਨ .