ਲੁਧਿਆਣਾ : ਗਾਹਕ ਕੋਲੋਂ 1ਲੱਖ 55 ਹਜ਼ਾਰ ਰੁਪਏ ਦੀ ਰਕਮ ਲੈ ਕੇ ਨਾ ਤਾਂ ਕਾਰ ਦੀ ਬੁਕਿੰਗ ਕੀਤੀ ਤੇ ਨਾ ਹੀ ਪੈਸੇ ਕੰਪਨੀ ‘ਚ ਜਮ੍ਹਾਂ ਕਰਵਾਏ। ਇਸ ਮਾਮਲੇ ‘ਚ ਕੇਸ ਦੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦਾਦਾ ਮੋਟਰਜ਼ ਦੇ ਸੇਲਜ਼ਮੈਨ ਚਿਮਨੀ ਰੋਡ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਖ਼ਿਲਾਫ਼ ਧੋਖਾਧੜੀ ਤੇ ਅਮਾਨਤ ਵਿੱਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਦਾਦਾ ਮੋਟਰਜ਼ ਢੰਡਾਰੀ ਕਲਾਂ ਦੇ ਜਨਰਲ ਮੈਨੇਜਰ ਅਮਿਤ ਪਠਾਣੀਆ ਨੇ ਦਸਿਆ ਕਿ ਉਨ੍ਹਾਂ ਦੀ ਕੰਪਨੀ ਵਿਚ ਕਾਰ ਖਰੀਦਣ ਲਈ ਆਏ ਗਾਹਕ ਰਛਪਾਲ ਸਿੰਘ ਨੇ ਬੁਕਿੰਗ ਸਬੰਧੀ 1 ਲੱਖ 55 ਹਜ਼ਾਰ ਦੀ ਰਕਮ ਸਿਮਰਨਜੀਤ ਸਿੰਘ ਨੂੰ ਦਿੱਤੀ ਸੀ। ਮੁਲਜ਼ਮ ਨੇ ਰਕਮ ਕੰਪਨੀ ਵਿੱਚ ਜਮ੍ਹਾਂ ਨਾ ਕਰਵਾ ਕੇ ਕੰਪਨੀ ਅਤੇ ਰਛਪਾਲ ਸਿੰਘ ਦੇ ਨਾਲ ਧੋਖਾਧੜੀ ਕੀਤੀ।
ਇਸ ਮਾਮਲੇ ਸਬੰਧੀ ਜਨਰਲ ਮੈਨੇਜਰ ਅਮਿਤ ਪਠਾਣੀਆ ਨੇ 7 ਅਗਸਤ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿਚ ਮੁਲਜ਼ਮ ਦੀ ਤਲਾਸ਼ ਕਰਨ ਵਿੱਚ ਜੁਟ ਗਈ ਹੈ।