ਲੁਧਿਆਣਾ : ਪਿਛਲੇ ਕਈ ਦਿਨਾਂ ਤੋਂ ਲਲਤੋਂ ਇਲਾਕੇ ਦੀ ਰਹਿਣ ਵਾਲੀ 24 ਸਾਲਾਂ ਲੜਕੀ ਨੂੰ ਅਸ਼ਲੀਲ ਮੈਸੇਜ,ਵੀਡੀਓ ਅਤੇ ਵੁਆਇਸ ਮੈਸੇਜ ਭੇਜ ਕੇ ਪਰੇਸ਼ਾਨ ਕਰ ਰਹੇ ਮੁਲਜ਼ਮ ਖਿਲਾਫ ਥਾਣਾ ਸਦਰ ਦੀ ਪੁਲਿਸ ਨੇ ਐੱਫ ਆਈ ਆਰ ਦਰਜ ਕਰ ਲਈ ਹੈ। ਇਸ ਮਾਮਲੇ ਵਿਚ ਥਾਣਾ ਮੁਖੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ‘ਚ ਛਾਪੇਮਾਰੀ ਕਰ ਰਹੀ ਹੈ ।
ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਅਸ਼ਲੀਲ ਮੈਸੇਜ, ਵੀਡੀਓਜ਼ ਅਤੇ ਵੁਆਇਸ ਮੈਸੇਜ ਆ ਰਹੇ ਹਨ। ਮਨਚਲੇ ਨੇ ਅਸ਼ਲੀਲ ਮੈਸੇਜ ਭੇਜ ਕੇ ਲੜਕੀ ਨੂੰ ਬੇਹੱਦ ਪਰੇਸ਼ਾਨ ਕੀਤਾ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਜਾਂਚ ਦੌਰਾਨ ਪਾਇਆ ਕਿ ਜਿਹੜੇ ਨੰਬਰਾਂ ਤੋਂ ਅਸ਼ਲੀਲ ਮੈਸੇਜ ਆ ਰਹੇ ਸਨ, ਉਹ ਨੰਬਰ ਜਗਰਾਓਂ ਦੇ ਰਹਿਣ ਵਾਲੇ ਗੁਰਤੇਜ ਸਿੰਘ ਦੇ ਨਾਮ ‘ਤੇ ਚੱਲ ਰਹੇ ਸਨ। ਜਾਂਚ ਤੋਂ ਬਾਅਦ ਪੁਲਿਸ ਨੇ ਗੁਰਤੇਜ ਸਿੰਘ ਖ਼ਿਲਾਫ ਐਫਆਈਆਰ ਦਰਜ ਕਰ ਲਈ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।