ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸਿਰਕਤ ਕੀਤੀ । ਕਿਸਾਨ ਜਵਾਨੀ ਅਤੇ ਪੌਣ-ਪਾਣੀ ਬਚਾਈਏ । ਆਓ ਰੰਗਲਾ ਪੰਜਾਬ… ਬਣਾਈਏਂ ਦੇ ਉਦੇਸ਼ ਨੂੰ ਲੈ ਕੇ ਲਗਾਏ ਗਏ ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਸ੍ਰ: ਗੁਰਦਿੱਤ ਸਿੰਘ ਸੇਖੋਂ, ਮਾਣਯੋਗ ਵਿਧਾਇਕ, ਫਰੀਦਕੋਟ ਨੇ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀਆਂ ਜਾਂਦੀਆਂ ਅਤਿ ਆਧੁਨਿਕ ਖੋਜਾਂ ਨੂੰ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਕਿਸਾਨ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ ।

ਪੀ ਏ ਯੂ ਦੇ ਵਿਦਿਆਰਥੀਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਖੇਤਰ ਵਿੱਚ ਮਾਰੀਆਂ ਵਿਸ਼ੇਸ਼ ਮੱਲਾਂ ਦੀ ਤਾਰੀਫ ਕਰਦਿਆਂ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਾਡੀ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਅਣਥੱਕ ਯਤਨ ਕਰੇਗੀ । ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਔਸ਼ਧਿਕ ਜੜੀਆਂ ਬੂਟੀਆਂ ਅਤੇ ਖੇਤੀ ਵੰਨ- ਸਵੰਨਤਾ ਤੇ ਜ਼ੋਰ ਦਿੰਦਿਆਂ ਉਨ੍ਹਾਂ ਹੱਥੀ ਮਿਹਨਤ ਕਰਨ, ਖੇਤੀ ਖਰਚੇ ਘਟਾਉਣ ਅਤੇ ਪੌਣ-ਪਾਣੀ ਬਚਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਤਾਕੀਦ ਕੀਤੀ ।

ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਦਿੰਦੇ ਹਨ । ਕਿਸਾਨਾਂ ਵੱਲੋਂ ਮਿਲਦੀ ਫੀਡ ਬੈਕ ਦੇ ਖੇਤੀ ਖੋਜ ਉਤੇ ਪੈਂਦੇ ਪ੍ਰਭਾਵਾਂ ਬਾਰੇ ਜਿ਼ਕਰ ਕਰਦਿਆਂ ਉਨ੍ਹਾਂ ਕੀਟਨਾਸ਼ਕ, ਨਦੀਨ ਨਾਸ਼ਕ ਆਦਿ ਰਸਾਇਣਾਂ ਅਤੇ ਖਾਦਾਂ ਦੀ ਅੰਧਾਧੁੰਦ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ।

ਇਸ ਮੌਕੇ ਸ੍ਰ: ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪ੍ਰਬੰਧਕੀ ਬੋਰਡ, ਪੀ ਼ਏ ਼ਯੂ ਼ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਵਿਦੇਸਾਂ਼ ਵਿੱਚ ਭੇਜਣ ਦੀ ਬਜਾਇ ਇੱਥੇ ਹੀ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੀਏ । ਯੂਨੀਵਰਸਿਟੀ ਨਾਲ ਜੁੜ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਤੇ ਜੋ਼ਰ ਦਿੰਦਿਆਂ ਉਨਾਂ ਵੱਖ ਵੱਖ ਇਲਾਕਿਆਂ ਦੇ ਪੌਣ ਪਾਣੀ ਮੁਤਾਬਿਕ ਫ਼ਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ।

ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਅਤਿ ਆਧੁਨਿਕ ਖੇਤੀ ਖੋਜਾਂ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਜ਼ਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਸਾਲ 1962 ਵਿੱਚ ਹੋਂਦ ਵਿੱਚ ਆਉਣ ਉਪਰੰਤ ਇਸ ਯੂਨੀਵਰਸਿਟੀ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ, ਖੇਤੀ ਸਮੱਸਿਆਵਾਂ ਨੂੰ ਨਜਿੱਠਣ ਅਤੇ ਕਿਸਾਨਾਂ ਦੀ ਖੇਤੀ ਆਮਦਨ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ।

ਇਸ ਮੌਕੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਼ਏ ਼ਯੂ ਼ਨੇ ਕਿਸਾਨ ਮੇਲੇ ਵਿੱਚ ਸਿ਼ਰਕਤ ਕਰ ਰਹੇ ਪਤਵੰਤਿਆਂ, ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਨਿੱਘਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਤੋਂ ਸਹਾਇਕ ਧੰਦਿਆਂ ਬਾਰੇ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ… ਚਾਨਣਾ ਪਾਇਆ । ਖੇਤੀ ਪ੍ਰਕਾਸ਼ਨਾਵਾਂ, ਖੇਤੀ ਸੰਦੇਸ਼ ਅਤੇ ਯੂਟਿਊਬ/ਫੇਸ ਬੁੱਕ ਰਾਹੀਂ ਯੂਨੀਵਰਸਿਟੀ ਦੇ ਖੇਤੀ ਪ੍ਰੋਗਰਾਮਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਉਨ੍ਹਾਂ ਖੇਤੀ ਆਮਦਨ ਵਧਾਉਣ ਲਈ ਲੇਖਾ-ਜੋਖਾ ਰੱਖਣ ਦੀ ਅਪੀਲ ਕੀਤੀ ।