ਜਲੰਧਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਜੰਮੂ ਤਵੀ ਰੇਲ ਮਾਰਗ ’ਤੇ ਟਾਂਡਾ ਰੇਲਵੇ ਸਟੇਸ਼ਨ ਤੇ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦੇ ਰੇਲਵੇ ਪੁਲ਼ ’ਤੇ ਧਰਨਾ ਦਿੱਤਾ।
ਇਸ ਨਾਲ ਰੇਲ ਆਵਾਜਾਈ ਠੱਪ ਹੋ ਗਈ ਹੈ। 80 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। 48 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ 21 ਨੂੰ ਯਾਤਰਾ ਤੋਂ ਪਹਿਲਾਂ ਰੋਕ ਦਿੱਤਾ ਗਿਆ। ਇਸ ਨਾਲ ਹਜ਼ਾਰਾਂ ਯਾਤਰੀ ਪਰੇਸ਼ਾਨ ਹੋਏ। ਫਿਰੋਜ਼ਪੁਰ ਡਵੀਜ਼ਨ ਨੂੰ 35 ਲੱਖ ਰੁਪਏ ਯਾਤਰੀਆਂ ਨੂੰ ਵਾਪਸ ਕਰਨੇ ਪਏ।
ਧਰਨੇ ਦੌਰਾਨ ਕਿਸਾਨ ਆਗੂਆਂ ਜਸਬੀਰ ਸਿੰਘ, ਇੰਦਰਜੀਤ ਬਾਠ ਤੇ ਸੂਬਾ ਕਮੇਟੀ ਦੇ ਮੈਂਬਰ ਰਣਵੀਰ ਸਿੰਘ ਰਾਣਾ ਨੇ ਕਿਹਾ ਕਿ ਧਰਨਾ ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ। ਪੰਜਾਬ ਸਰਕਾਰ ਝੂਠੇ ਵਾਅਦੇ ਕਰ ਕੇ ਗੁਮਰਾਹ ਕਰ ਰਹੀ ਹੈ। ਦਿੱਲੀ ’ਚ ਅੰਦੋਲਨ ਦੌਰਾਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ, ਪੰਜ ਲੱਖ ਰੁਪਏ ਵਿੱਤੀ ਮਦਦ ਤੇ ਸੰਪੂਰਨ ਕਰਜ਼ ਮਾਫ਼ੀ ਦਾ ਜੋ ਐਲਾਨ ਕੀਤਾ ਸੀ, ਉਹ ਹਾਲੇ ਅਧੂਰਾ ਹੈ।