ਲੁਧਿਆਣਾ : ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਬਰਾਮਦ ਹੋਈ 75 ਕਿਲੋ ਹੈਰੋਇਨ ਨੂੰ ਕੱਪੜੇ ਨਾਲ ਭਰੇ ਕੰਟੇਨਰ ‘ਚ ਦੁਬਈ ਦੇ ਰਸਤੇ ਪਾਕਿਸਤਾਨ ਤੋਂ ਲਿਆਂਦਾ ਗਿਆ ਸੀ। ਇਹ ਹੈਰੋਇਨ ਫਰੀਦਕੋਟ ਜੇਲ ‘ਚ ਬੰਦ ਮਾਲੇਰਕੋਟਲਾ ਦੇ ਨਾਮੀ ਗੈਂਗਸਟਰ ਅਤੇ ਸਮੱਗਲਰ ਬੂਟਾ ਖਾਨ ਉਰਫ ਬੱਗਾ ਖਾਨ ਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਖਰੀਦੀ ਸੀ। ਮਲੇਰਕੋਟਲਾ ਦੇ ਵਪਾਰੀ ਦੇ ਐਕਸਪੋਰਟ-ਇੰਪੋਰਟ ਲਾਇਸੈਂਸ ਦੀ ਵਰਤੋਂ ਕੰਟੇਨਰ ਮੰਗਵਾਉਣ ਲਈ ਕੀਤੀ ਜਾਂਦੀ ਸੀ।
ਇਹ ਕੰਟੇਨਰ ਇੰਟਰਨੈਸ਼ਨਲ ਫਰੇਟ ਫਾਰਵਰਡਰ (ਆਈਐਫਐਫ) ਜਮਾਲਪੁਰ ਦੇ ਰਹਿਣ ਵਾਲੇ ਸ਼ਤਰੂਘਨ ਦੀ ਮਦਦ ਨਾਲ ਲੁਧਿਆਣਾ ਤੋਂ ਬੁੱਕ ਕੀਤਾ ਗਿਆ ਸੀ। ਇਹ ਜਾਣਕਾਰੀ ਗੁਜਰਾਤ ਪੁਲਸ ਅਤੇ ਐਂਟੀ ਟੈਰਰਿਸਟ ਸਕੁਐਡ ਦੀ ਜਾਂਚ ਚ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਵਪਾਰੀ ਪਾਕਿਸਤਾਨ ਨਾਲ ਸਿੱਧਾ ਵਪਾਰ ਨਹੀਂ ਕਰਦੇ। ਅਜਿਹਾ ਕਰਨ ਲਈ ਉਨ੍ਹਾਂ ਨੂੰ 200 ਫੀਸਦੀ ਕਸਟਮ ਡਿਊਟੀ ਦੇਣੀ ਪੈਂਦੀ ਹੈ ।
ਦੂਜੇ ਪਾਸੇ ਗੁਜਰਾਤ ਏ ਟੀ ਐੱਸ ਨੇ ਸ਼ਤਰੂਘਨ ਨੂੰ ਨਾਲ ਲੈ ਕੇ ਮਾਲੇਰਕੋਟਲਾ ‘ਚ ਛਾਪੇਮਾਰੀ ਕੀਤੀ। ਮਲੇਰਕੋਟਲਾ ਦੀ ਜਿਸ ਫਰਮ ਨੇ ਕੰਟੇਨਰ ਬੁੱਕ ਕੀਤਾ ਸੀ, ਉਸ ਤੋਂ ਪੁੱਛਗਿੱਛ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਦਰਾ ਬੰਦਰਗਾਹ ‘ਤੇ ਕੰਟੇਨਰ 13 ਮਈ ਨੂੰ ਆਇਆ ਸੀ, ਪਰ ਕੋਈ ਵੀ ਇਸ ਨੂੰ ਲੈਣ ਨਹੀਂ ਆਇਆ। ਜਦੋਂ ਏਟੀਐਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸ਼ਤਰੂਘਨ ਦਾ ਨਾਂ ਸਾਹਮਣੇ ਆਇਆ। ਫਰੀਦਕੋਟ ਜੇਲ ਚ ਬੰਦ ਮਾਲੇਰਕੋਟਲਾ ਨੇੜਲੇ ਪਿੰਡ ਤੱਖਰ ਖੁਰਦ ਦੇ ਰਹਿਣ ਵਾਲੇ ਗੈਂਗਸਟਰ ਬੂਟਾ ਖਾਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੱਗਾ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।