ਲੁਧਿਆਣਾ : ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂਂ ਵਾਲੇ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ । ਉਨ੍ਹਾਂ ਦਾ ਅੰਤਿਮ ਸਸਕਾਰ 25 ਜਨਵਰੀ ਨੂੰ ਦੁਪਹਿਰ 2 ਵਜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ ।
ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੀ ਕਲਮ ਹਮੇਸ਼ਾ ਪੰਜਾਬ ਦੇ ਸੱਭਿਆਚਾਰ ਦਾ ਸੁਮੇਲ ਬਣ ਕੇ ਰਹੀ । ਦੇਵ ਥਰੀਕੇ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ , ਜਿਨ੍ਹਾਂ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ ।
ਦੱਸ ਦਈਏ ਕਿ ਦੇਵ ਥਰੀਕੇ ਵਾਲਾ ਨੇ ਕਾਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਫ਼ੀ ਗੀਤ ਲਿਖ ਕੇ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਮਾਣਕ ਨੂੰ ਸਿਖਰਾਂ ‘ਤੇ ਪਹੁੰਚਣਾਉਣ ਪਿੱਛੇ ਦੇਵ ਥਰੀਕੇ ਵਾਲਾ ਦਾ ਹੀ ਹੱਥ ਸੀ।
ਇਨ੍ਹਾਂ ਨੇ ਕੁਲਦੀਪ ਮਾਣਕ ਨੂੰ ਕਈ ਅਜਿਹੇ ਗੀਤ ਲਿਖ ਕੇ ਦਿੱਤੇ ਸਨ, ਜਿਨ੍ਹਾਂ ਨੇ ਕੁਲਦੀਪ ਮਾਣਕ ਨੂੰ ਘਰ-ਘਰ ‘ਚ ਪਛਾਣ ਦਿਵਾਈ। ਦੇਵ ਥਰੀਕੇ ਦੇ ਦਿਹਾਂਤ ਨਾਲ ਜੋ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਦੱਸਣਯੋਗ ਹੈ ਕਿ ਦੇਵ ਥਰੀਕੇ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲ ਜਦੀਦ ‘ਚ ਹੋਇਆ ਸੀ।