ਲੁਧਿਆਣਾ : ਡੇਅਰੀ ਵਾਲੀ ਜ਼ਮੀਨ ਹੜੱਪਣ ਦੇ ਚਲਦੇ ਕੁਝ ਵਿਅਕਤੀਆਂ ਨੇ ਆਪਸ ਵਿੱਚ ਹਮ ਮਸ਼ਵਰਾ ਹੋ ਕੇ ਜ਼ਮੀਨ ਦੇ ਮਾਲਕ ਦਾ ਫਰਜ਼ੀ ਮੌਤ ਦਾ ਸਰਟੀਫਿਕੇਟ ਅਤੇ ਇਕਰਾਰਨਾਮੇ ਤਿਆਰ ਕਰਵਾ ਕੇ ਫਰਜ਼ੀ ਦਸਤਖਤ ਦੇ ਜ਼ਰੀਏ ਬਿਜਲੀ ਦਾ ਮੀਟਰ ਆਪਣੇ ਨਾਮ ਤੇ ਕਰਵਾ ਲਿਆ ।
ਇਸ ਮਾਮਲੇ ਵਿੱਚ ਤਫਤੀਸ਼ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਮਲੇਰਕੋਟਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੇ ਬਿਆਨ ਉੱਪਰ ਡੇਅਰੀ ਕੰਪਲੈਕਸ ਹੈਬੋਵਾਲ ਦੇ ਰਹਿਣ ਵਾਲੇ ਬਚਿੱਤਰ ਸਿੰਘ ,ਪ੍ਰਤਾਪ ਸਿੰਘ ਵਾਲਾ ਦੇ ਵਾਸੀ ਇੰਦਰ ਸਿੰਘ ਅਤੇ ਪਿੰਡ ਕਾਉਂਕੇ ਮਾਛੀਵਾਡ਼ਾ ਦੇ ਰਹਿਣ ਵਾਲੇ ਭਾਗ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।
ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੇ ਮਾਮਾ ਸੂਰਤ ਸਿੰਘ ਨੇ 1993 ਵਿੱਚ ਇਕ ਵਸੀਅਤ ਕਰਵਾਈ ਸੀ । ਵਸੀਅਤ ਵਿੱਚ ਡੇਅਰੀ ਕੰਪਲੈਕਸ ਦਾ ਇਕ ਸ਼ੈੱਡ ਵੀ ਆਉਂਦਾ ਸੀ । ਵਸੀਅਤ ਕਰਵਾਉਣ ਤੋਂ ਕੁਝ ਸਮੇਂ ਬਾਅਦ ਸੂਰਤ ਸਿੰਘ ਦੀ ਮੌਤ ਹੋ ਗਈ । ਸ਼ੈੱਡ ਨੂੰ ਹੜੱਪਣ ਦੀ ਨੀਅਤ ਨਾਲ ਮੁਲਜ਼ਮਾਂ ਨੇ ਆਪਸ ਵਿੱਚ ਹਮ ਮਸ਼ਵਰਾ ਹੋ ਕੇ ਸੂਰਤ ਸਿੰਘ ਦੀ ਮੌਤ 1985 ਵਿੱਚ ਦਰਸਾ ਕੇ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾ ਲਿਆ ।
ਐਨਾ ਹੀ ਨਹੀਂ ਮੁਲਜ਼ਮਾਂ ਨੇ ਫੁੱਲ ਐਂਡ ਫਾਈਨਲ ਦੇ ਜਾਅਲੀ ਇਕਰਾਰਨਾਮੇ ਵੀ ਤਿਆਰ ਕਰਵਾ ਲਏ । ਫਰਜ਼ੀ ਦਸਤਖਤਾਂ ਦੇ ਜ਼ਰੀਏ ਉਨ੍ਹਾਂ ਨੇ ਬਿਜਲੀ ਦਾ ਮੀਟਰ ਵੀ ਆਪਣੇ ਨਾਮ ਤੇ ਕਰਵਾ ਲਿਆ । 22 ਜਨਵਰੀ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ।ਉੱਚ ਅਧਿਕਾਰੀਅਾਂ ਦੀ ਤਫਤੀਸ਼ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।