ਲੁਧਿਆਣਾ : ਪਿਛਲੇ ਦੋ ਹਫ਼ਤਿਆਂ ਤੋਂ ਜ਼ਬਰਦਸਤ ਗਰਮੀ ਤੇ ਲੂ ਦਾ ਮਾਰ ਸਹਿ ਰਹੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਪੰਜਾਬ ’ਚ ਬੁੱਧਵਾਰ ਤੋਂ ਮੌਸਮ ਬਦਲ ਜਾਵੇਗਾ। ਬੱਦਲ ਤੇ ਤੇਜ਼ ਹਵਾਵਾਂ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲੈਣਗੀਆਂ। ਅਜਿਹਾ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਹੋਣ ਜਾ ਰਿਹਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।
ਮੌਸਮ ਕੇਂਦਰ ਚੰਡੀਗਡ਼੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਬੁੱਧਵਾਰ ਦੁਪਹਿਰ ਬਾਅਦ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ ਜਿਨ੍ਹਾਂ ਕਾਰਨ ਤੀਹ ਤੋਂ ਚਾਲੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਤੇ ਹਨੇਰੀ-ਤੂਫ਼ਾਨ ਚੱਲ ਸਕਦੀਆਂ ਹਨ ਤੇ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ।
16 ਤੇ 17 ਜੂਨ ਨੂੰ ਪੂਰੇ ਪੰਜਾਬ ’ਚ ਤੇਜ਼ ਬਾਰਿਸ਼ ਹੋ ਸਕਦੀ ਹੈ। ਖ਼ਾਸ ਕਰ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਮੋਹਲੋਧਾਰ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਹਨੇਰੀ ਤੇ ਤੂਫ਼ਾਨ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੋਪਡ਼, ਹੁਸ਼ਿਆਰਪੁਰ, ਕਪੂਰਥਲਾ, ਫ਼ਤਹਿਗਡ਼੍ਹ ਸਾਹਿਬ, ਮੁਹਾਲੀ, ਜਲੰਧਰ, ਲੁਧਿਆਣਾ ਤੇ ਨਵਾਂਸ਼ਹਿਰ ’ਚ ਜ਼ਿਆਦਾ ਬਾਰਿਸ਼ ਹੋਣ ਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ।