ਲੁਧਿਆਣਾ : 15 ਦਸੰਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਹਰਵੀਂ ਦੀ ਪਹਿਲੀ ਟਰਮ ਦੀ ਇਤਹਾਸ ਵਿਸ਼ੇ ਦੀ ਹੋਈ ਪ੍ਰੀਖਿਆ ਵਿੱਚ ਆਏ ਪ੍ਰਸ਼ਨ ਪੱਤਰ ‘ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜਿਲ੍ਹਾ ਲੁਧਿਆਣਾ ਇਕਾਈ ਅਤੇ ਜਿਲ੍ਹੇ ਦੇ ਸਕੂਲਾਂ ‘ਚ ਇਤਿਹਾਸ ਦਾ ਵਿਸ਼ਾ ਪੜਾ ਰਹੇ ਤਮਾਮ ਅਧਿਆਪਕਾਂ ਨੇ ਸਵਾਲ ਉਠਾਏ ਹਨ।
ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਜੋ ਕਿ ਇਤਿਹਾਸ ਵਿਸ਼ੇ ਦੇ ਲੈਕਚਰਾਰ ਵੀ ਹਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਹਰਵੀਂ ਜਮਾਤ ਦਾ ਇਤਿਹਾਸ ਦਾ ਪ੍ਰਸ਼ਨ ਪੱਤਰ ਬਹੁਤ ਹੀ ਗੁੰਝਲਦਾਰ ਅਤੇ ਵਿਦਿਆਰਥੀਆਂ ਨੂੰ ਬੇਚੈਨ ਕਰਨ ਵਾਲਾ ਸੀ।ਉਨ੍ਹਾਂ ਦੱਸਿਆ ਕਿ ਸਵਾਲ ਇਸ ਤਰੀਕੇ ਨਾਲ ਪੁੱਛੇ ਗਏ ਸਨ ਜਿਵੇਂ ਕੋਈ ਬਹੁਤ ਉੱਚ ਪੱਧਰੀ ਮੁਕਾਬਲੇ ਦੀ ਪ੍ਰੀਖਿਆ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਕਰੋਨਾਂ ਦੀਆਂ ਦੋ ਖਤਰਨਾਕ ਲਹਿਰਾਂ ਕਾਰਨ ਵਿਦਿਆਰਥੀ ਪੜ੍ਹਾਈ ‘ਚ ਪਛੜ ਚੁੱਕੇ ਸਨ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਵਿਦਿਆਰਥੀ ਪ੍ਰੀਖਿਆ ਕੇਂਦਰ ਅੰਦਰ ਅਸਹਿਜ ਅਤੇ ਬਾਹਰ ਨਿਰਾਸ਼ ਨਜਰ ਆਏ। ਸੁਆਲਾਂ ਨੂੰ ਦੇਖਕੇ ਲੱਗਦਾ ਸੀ ਕਿ ਪ੍ਰਸ਼ਨ ਪੱਤਰ ਕਿਸੇ ਹੋਰ ਵਿਸ਼ੇ ਦੇ ਮਾਹਿਰ ਤੋਂ ਤਿਆਰ ਕਰਵਾਏ ਗਏ ਹਨ ਕਿਉਕਿ ਬੋਰਡ ਕੋਲ ਇਤਿਹਾਸ ਦਾ ਕੋਈ ਪੱਕਾ ਵਿਸ਼ਾ ਮਾਹਿਰ ਹੈ ਹੀ ਨਹੀਂ l
ਜਥੇਬੰਦੀ ਅਤੇ ਵਿਸ਼ਾ ਅਧਿਆਪਕਾਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਤੋਂ ਜੋਰਦਾਰ ਮੰਗ ਕੀਤੀ ਕਿ ਇਸ ਵਿਦਿਆਰਥੀ ਅਤੇ ਅਧਿਆਪਕ ਵਿਰੋਧੀ ਮੁੱਦੇ ਤੇ ਨਿੱਜੀ ਤੌਰ ਤੇ ਵਿਚਾਰ ਕਰਨ ਅਤੇ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇਤਿਹਾਸ ਦੇ ਵਿਸ਼ੇ ਦੀ ਪ੍ਰੀਖਿਆ ਦੇ ਨਤੀਜੇ ਸਮੇਂ ਬਣਦੀ ਰਾਹਤ ਦੇਣ ਦੀ ਹਿਦਾਇਤ ਕਰਨ।