ਲੁਧਿਆਣਾ: ਸ਼ਹਿਰ ਦੇ ਸਪਾ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾਦ ਨੇੜੇ ਸੁਗੰਧ ਬਿਹਾਰ ‘ਚ ਸਪਾ ਸੈਂਟਰ ਦੇ ਮੈਨੇਜਰ ਨੂੰ ਸਦਰ ਥਾਣਾ ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਫੜਿਆ ਹੈ।ਇਲਜ਼ਾਮ ਹੈ ਕਿ ਮੈਨੇਜਰ ਨੇ ਬਿਨਾਂ ਤਸਦੀਕ ਕੀਤੇ ਕੇਂਦਰ ਵਿੱਚ ਨਾਗਾਲੈਂਡ ਦੀਆਂ ਲੜਕੀਆਂ ਨੂੰ ਨੌਕਰੀ ‘ਤੇ ਰੱਖਿਆ ਸੀ ਅਤੇ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜੈਦੀਪ ਸਿੰਘ ਵਾਸੀ ਪਿੰਡ ਖੰਡੂਰ ਵਜੋਂ ਹੋਈ ਹੈ।
ਹੈੱਡ ਕਾਂਸਟੇਬਲ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਫੁੱਲਾਂਵਾਲ ਚੌਕ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗ੍ਰੈਂਡ ਸਿਟੀ ਪਲਾਜ਼ਾ,ਸੁਗੰਧ ਬਿਹਾਰ ਦੇ ਪਿੰਡ ਦਾਦ ਵਿੱਚ ਸਥਿਤ ਓਕੋ ਲਗਜ਼ਰੀ ਸਪਾ ਐਂਡ ਸੈਲੂਨ ਸੈਂਟਰ ਦੇ ਮੈਨੇਜਰ ਨੇ ਨਾਗਾਲੈਂਡ ਦੀਆਂ ਲੜਕੀਆਂ ਨੂੰ ਨੌਕਰੀ ‘ਤੇ ਲਿਆ ਕੇ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਕੀਤਾ ਹੋਇਆ ਹੈ।ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ ਨਾਗਾਲੈਂਡ ਦੀਆਂ ਕਈ ਲੜਕੀਆਂ ਨੂੰ ਕਾਬੂ ਕਰ ਲਿਆ ਗਿਆ, ਜਦੋਂਕਿ ਮੈਨੇਜਰ ਮੌਕੇ ‘ਤੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ‘ਤੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਜੈਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਸਪਾ ਸੈਂਟਰ ਦੀ ਆੜ ਵਿੱਚ ਇਹ ਨਾਜਾਇਜ਼ ਧੰਦਾ ਚਲਾ ਰਿਹਾ ਸੀ।