ਚੰਡੀਗੜ੍ਹ : ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਅੱਜ 13 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ‘ਚ 232 ਨੂੰ ਛੱਡ ਕੇ ਬਾਕੀ ਸਾਰੀਆਂ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਉਪਰੋਕਤ 232 ਮੰਡੀਆਂ ‘ਚੋਂ ਬਠਿੰਡਾ ‘ਚ 18, ਮੋਗਾ ‘ਚ 8, ਫਾਜ਼ਿਲਕਾ ਦੀਆਂ 3, ਮਾਨਸਾ ਦੀਆਂ 6, ਫਿਰੋਜ਼ਪੁਰ ਦੀਆਂ 9, ਪਟਿਆਲਾ ‘ਚ 9, ਸੰਗਰੂਰ ’ਚ 10, ਬਰਨਾਲਾ ‘ਚ 13, ਲੁਧਿਆਣਾ ਪੱਛਮੀ ਅਤੇ ਪੂਰਬੀ ‘ਚ 15, ਫਰੀਦਕੋਟ ‘ਚ 4, ਗੁਰਦਾਸਪੁਰ ‘ਚ 11, ਜਲੰਧਰ ‘ਚ 14, ਸ੍ਰੀ ਮੁਕਤਸਰ ਸਾਹਿਬ ‘ਚ 5, ਫਤਿਹਗੜ੍ਹ ਸਾਹਿਬ ਦੀਆਂ 5, ਕਪੂਰਥਲਾ ‘ਚ 8, ਮਾਲੇਰਕੋਟਲਾ ‘ਚ 4, ਐੱਸ.ਏ.ਐੱਸ. ਨਗਰ ਦੀਆਂ 5, ਰੋਪੜ ‘ਚ 5, ਤਰਨਤਾਰਨ ‘ਚ 21, ਹੁਸ਼ਿਆਰਪੁਰ ‘ਚ 6, ਅੰਮ੍ਰਿਤਸਰ ‘ਚ 45, ਪਠਾਨਕੋਟ ‘ਚ 5 ਤੇ ਐੱਸ.ਬੀ.ਐੱਸ. ਨਗਰ ‘ਚ 3 ਮੰਡੀਆਂ ਸ਼ਾਮਲ ਹਨ।
ਮੰਤਰੀ ਨੇ ਸੂਬੇ ‘ਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜ੍ਹਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ ‘ਤੇ ਤਸੱਲੀ ਪ੍ਰਗਟਾਈ।