ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦੀ ਪੀ.ਏ.ਯੂ. ਇਕਾਈ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ 36 ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਗੁਰਦੁਆਰਾ ਸਾਹਿਬ, ਪੀ. ਏ. ਯੂ. ਵਿਖੇ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਉੱਪ-ਕੁਲਪਤੀ ਨੇ ਕਿਸਾਨ ਮੋਰਚੇ ਵਿੱਚ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਅਤੇ ਆਤਮ ਪਰਗਾਸ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਡਾ. ਵਰਿੰਦਰਪਾਲ ਸਿੰਘ, ਚੇਅਰਮੈਨ, ਆਤਮ ਪਰਗਾਸ ਅਤੇ ਪ੍ਰਮੁੱਖ ਭੂਮੀ ਵਿਗਿਆਨੀ, ਪੀ. ਏ. ਯੂ. ਨੇ ਦੱਸਿਆ ਕਿ ਆਤਮ ਪਰਗਾਸ ਟੀਮ ਨੇ ਕਿਸਾਨੀ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਜਾਂ ਫੱਟੜ ਹੋਏ ਦੇਸ਼ ਭਰ ਦੇ 1024 ਕਿਸਾਨਾਂ ਦੇ ਪਰਿਵਾਰਾਂ ਨਾਲ ਨਿੱਜੀ ਸੰਪਰਕ ਕਰਕੇ ਪਰਿਵਾਰਾਂ ਦਾ ਮੁਲਾਂਕਣ ਕੀਤਾ ਹੈ ਅਤੇ ਇਨ੍ਹਾਂ ਸਾਰੇ ਪਰਿਵਾਰਾਂ ਦੀ ਵਿਸਥਾਰਿਤ ਜਾਣਕਾਰੀ ਆਤਮ ਪਰਗਾਸ ਵੈਬਸਾਈਟ ਤੇ ਉਪਲਬਧ ਹੈ।
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨੀ ਮੋਰਚੇ ਵਿੱਚ ਜਾਨਾਂ ਵਾਰਨ ਵਾਲੇ ਕਿਸਾਨਾਂ ਦੀ ਯਾਦ ਵਿੱਚ ਨਿੰਮ, ਪਿੱਪਲ ਅਤੇ ਬੋਹੜ ਦੇ ਬੂਟੇ ਲਗਾ ਕੇ ਤ੍ਰਿਵੈਣੀ ਵੀ ਸਥਾਪਿਤ ਕੀਤੀ ।ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੀਆਂ ਪੀੜੀਆਂ ਤੱਕ ਕਿਸਾਨੀ ਅੰਦੋਲਨ ਦੀ ਯਾਦ ਬਣਾਈ ਰੱਖਣ ਲਈ ਜਾਨ ਵਾਰ ਗਏ ਹਰ ਕਿਸਾਨ ਦੇ ਪਿੰਡ ਵਿਖੇ ਤ੍ਰਿਵੈਣੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਆਤਮ ਪਰਗਾਸ ਦੀਆਂ ਨਿਸ਼ਕਾਮ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਕਰਕੇ ਇਹ ਸੇਵਾਵਾਂ ਨਿਭਾ ਰਹੀਆਂ ਹਨ।