ਰਾਸ਼ਟਰੀ ਖੇਡ ਦਿਵਸ ਮੌਕੇ ਲੁਧਿਆਣਾ ਦੇ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡਿਪਟੀ ਸੁਪਰਡੈਂਟ ਬੀ.ਐਸ.ਐਫ. ਸ੍ਰੀ ਸੁਰਜੀਤ ਸਿੰਘ ਸਾਬਕਾ ਕਪਤਾਨ ਭਾਰਤੀ ਵਾਲੀਬਾਲ ਟੀਮ ਅਤੇ ਤੇਜਾ ਸਿੰਘ ਸਕੱਤਰ, ਬਾਸਕਟਬਾਲ ਐਸੋਸੀਏਸ਼ਨ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਹੋਰ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਰਾਹੋਂ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਦੇ ਬੱਚਿਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਡਿਪਟੀ ਸੁਪਰਡੈਂਟ ਸ੍ਰੀ ਸੁਰਜੀਤ ਸਿੰਘ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਹਾਕੀ ਨੂੰ ਅੰਤਰਰਾਸ਼ਟਰੀ ਖੇਡ ਜਗਤ ਵਿੱਚ ਵਿਸ਼ੇਸ਼ ਸਥਾਨ ਦਿਵਾਇਆ।
ਉਨ੍ਹਾਂ ਹਸਪਤਾਲ ਵੱਲੋਂ ਕੀਤੇ ਜਾ ਰਹੇ ਐਕਿਊਪੰਕਚਰ ਇਲਾਜ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸਾਡੇ ਬਹੁਤ ਸਾਰੇ ਖਿਡਾਰੀ ਖੇਡਾਂ ਦੌਰਾਨ ਸੱਟਾਂ ਲੱਗਣ ਸਮੇਂ ਗਲਤ ਦਵਾਈਆਂ ਲੈਣ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ ਜਦਕਿ ਐਕਿਊਪੰਕਚਰ ਪੂਰੀ ਤਰ੍ਹਾਂ ਨਸ਼ੇ ਰਹਿਤ ਇਲਾਜ ਹੈ। ਚੀਨ, ਜਾਪਾਨ ਅਤੇ ਅਮਰੀਕਾ ਦੇ ਖਿਡਾਰੀਆਂ ਵਾਂਗ ਭਾਰਤੀ ਖਿਡਾਰੀਆਂ ਨੂੰ ਵੀ ਐਕਿਊਪੰਕਚਰ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਣ।
ਇਸ ਮੌਕੇ ਤੇਜਾ ਸਿੰਘ ਨੇ ਕਿਹਾ ਕਿ ਖੇਡਾਂ ਦੀਆਂ ਸੱਟਾਂ ਨੂੰ ਠੀਕ ਕਰਨ ਲਈ ਐਕਿਊਪੰਕਚਰ ਥੈਰੇਪੀ ਬਹੁਤ ਕਾਰਗਰ ਹੈ ਅਤੇ ਉਹ ਆਪਣੇ ਸਾਰੇ ਚੇਲੇ ਖਿਡਾਰੀਆਂ ਨੂੰ ਸੱਟ ਲੱਗਣ ਸਮੇਂ ਦਵਾਈਆਂ ਲੈਣ ਦੀ ਬਜਾਏ ਐਕਿਊਪੰਕਚਰ ਕਰਵਾਉਣ ਦੀ ਸਲਾਹ ਦੇਣਗੇ। ਇਸ ਦੌਰਾਨ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਭੂਮਿਕਾ ਬਾਰੇ ਦੱਸਿਆ |
ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਛੋਟੀ ਉਮਰ ਵਿੱਚ ਹੀ ਸਹੀ ਸੇਧ ਨਾ ਮਿਲਣ ਕਾਰਨ ਨਸ਼ਿਆਂ ਦੇ ਚੁੰਗਲ ਵਿੱਚ ਫਸਦੀ ਜਾ ਰਹੀ ਹੈ, ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡ ਪ੍ਰੇਮੀ ਬਣਾਇਆ ਜਾਵੇ ਤਾਂ ਉਹ ਕਦੇ ਵੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵੱਲ ਨਹੀਂ ਜਾ ਸਕਦੇ। ਪ੍ਰੋਗਰਾਮ ਵਿੱਚ ਹਸਪਤਾਲ ਦੇ ਜਨਰਲ ਸਕੱਤਰ ਸ. ਇਕਬਾਲ ਸਿੰਘ ਗਿੱਲ ਅਤੇ ਸ. ਜਸਵੰਤ ਸਿੰਘ ਛਾਪਾ ਮੁਖੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।