ਲੁਧਿਆਣਾ : ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ (ਅੰਗਹੀਣਾਂ ਲਈ) 13 ਮਈ, 2022 ਨੂੰ ਰੋਜ਼ਗਾਰ ਮੇਲੇ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਨੌਕਰੀਆਂ ਲਈ ਕਰੀਬ 5 ਨਾਮੀ ਕੰਪਨੀਆਂ ਵੱਲੋਂ ਭਾਗੀਦਾਰੀ ਲਈ ਪੁਸ਼ਟੀ ਕੀਤੀ ਗਈ ਹੈ। ਸਹਾਇਕ ਡਾਇਰੈਕਟਰ ਰੋਜ਼ਗਾਰ ਸ੍ਰੀ ਆਸ਼ੀਸ਼ ਕੁੱਲੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਉਪਰੋਕਤ ਕੰਪਨੀਆਂ ਵੱਲੋਂ ਰਿਟੇਲ/ਸੇਲਜ਼ ਲਈ ਕਰੀਬ 150 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ।
ਸ੍ਰੀ ਕੁੱਲੂ ਨੇ ਅੱਗੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 18-35 ਸਾਲ ਦੇ ਦਸਵੀਂ, ਬਾਰਵੀਂ, ਆਈ.ਟੀ.ਆਈ. ਅਤੇ ਪੋਲੀਟੈਕਨਿਕ ਪਾਸ ਅੰਗਹੀਣ ਉਮੀਦਵਾਰਾਂ ਦੇ ਨਾਲ-ਨਾਲ ਆਮ ਨੌਜਵਾਨ ਵੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਦੇ ਚਾਹਵਾਨ ਉਮੀਦਵਾਰ ਆਪਣੇ ਨਾਲ ਅਸਲ ਯੋਗਤਾ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਦੇ ਨਾਲ ਆਪਣਾ ਬਾਇਓ-ਡਾਟਾ (3 ਸੈਂਟਾਂ ਵਿੱਚ) ਨਾਲ ਲੈ ਕੇ ਰੋਜ਼ਗਾਰ ਮੇਲੇ ਦਾ ਹਿੱਸਾ ਬਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ), ਭਾਰਤ ਸਰਕਾਰ ਦੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅੰਗਹੀਣ ਵਿਅਕਤੀਆਂ ਦੀ ਸਿਖਲਾਈ ਤੇ ਰੋਜ਼ਗਾਰ ਲਈ ਸਥਾਪਤ ਕੀਤੀ ਗਈ ਇੱਕ ਉੱਘੀ ਸੰਸਥਾ ਹੈ। ਇਹ ਕੇਂਦਰ ਅੰਗਹੀਣ ਵਿਅਕਤੀਆਂ ਲਈ ਰੋਜ਼ਗਾਰ ਰਜਿਸ਼ਟ੍ਰੇਸ਼ਨ, ਸਵੈ-ਰੋਜ਼ਗਾਰ, ਹੁਨਰ ਵਿਕਾਸ ਅਤੇ ਕਿੱਤਾਮੁਖੀ ਮਾਰਗਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।