ਲੁਧਿਆਣਾ : ਹਲਕਾ ਦੱਖਣੀ ਤੋਂ ਚੋਣ ਮੈਦਾਨ ਵਿਚ ਉੱਤਰੀ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਪਹਿਲਾਂ ਹੀ ਖੇਰੂੰ ਖੇਰੂੰ ਹੋ ਚੁੱਕੇ ਨੇ ਤੇ ਹੁਣ ਇਲਾਕੇ ਦੇ ਲੋਕ ਉਨ੍ਹਾਂ ਨੂੰ ਚਲਦਾ ਕਰਨ ਲਈ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ।
ਜਥੇਦਾਰ ਗਾਬੜੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਅਤੇ ਹਲਕਾ ਦੱਖਣੀ ਦੇ ਲੋਕ ਇਕ ਅਜਿਹੀ ਸਰਕਾਰ ਚਾਹੁੰਦੇ ਹਨ ਜਿਹੜੀ ਆਪਸੀ ਭਾਈਚਾਰੇ ਤੇ ਸੂਬੇ ਦੀ ਤਰੱਕੀ ਨੂੰ ਅੱਗੇ ਵਧਾਉਣ ਦੇ ਕਾਬਲ ਹੋਵੇ।
ਡੋਰ ਟੂ ਡੋਰ ਤੇ ਨੁੱਕੜ ਮੀਟਿੰਗਾਂ ਵਿਚ ਹਲਕੇ ਦੇ ਲੋਕਾਂ, ਵੋਟਰਾਂ ਤੇ ਸਪੋਰਟਰਾਂ ਦੇ ਮਿਲ ਰਹੇ ਪਿਆਰ ਨੂੰ ਵੇਖਦੇ ਹੋਏ ਜੱਥੇਦਾਰ ਗਾਬੜੀਆ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਅੰਦਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਹਲਕੇ ਵਿੱਚ ਲੜਕੀਆਂ ਦੇ ਕਾਲਜ ਤੋਂ ਇਲਾਵਾ ਸਿਹਤ ਸੇਵਾਵਾਂ, ਪਿੰਡਾਂ ਵਿੱਚ ਸਰਕਾਰੀ ਜ਼ਮੀਨ ਤੇ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ।
ਉਨਾਂ ਕਿਹਾ ਕਿ ਨਹਿਰ ਦੇ ਅਧੂਰੇ ਪਏ ਪ੍ਰਾਜੈਕਟ ਨੂੰ ਪੂਰਾ ਕਰਨ, ਕੱਟੇ ਗਏ ਨੀਲੇ ਕਾਰਡਾਂ ਨੂੰ ਬਹਾਲ ਕਰਵਾਉਣ ਦੇ ਨਾਲ ਨਾਲ ਨੀਲੇ ਕਾਰਡ ਬਣਾਉਣ, ਹਰ ਵਾਰਡ ਵਿਚ ਸਰਕਾਰੀ ਡਿਸਪੈਂਸਰੀ, 150 ਗਜ਼ ਤੱਕ ਦੇ ਘਰਾਂ ਦੇ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨੂੰ ਮੁਆਫ਼ ਕਰਾਉਣ ਲਈ ਤਰਜੀਹ ਦੇਣਗੇ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ।