ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਟੀਮ ਵੀਰਵਾਰ ਨੂੰ ਅਧਿਕਾਰੀਆਂ ਨਾਲ ਬੈਠਕ ਕਰ ਕੇ ਚੋਣ ਤਿਆਰੀਆਂ ‘ਤੇ ਚਰਚਾ ਕਰੇਗੀ। ਟੀਮ ‘ਚ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ, ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਅਨੂਪ ਚੰਦਰ ਪਾਂਡੇ ਸ਼ਾਮਲ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ ‘ਤੇ ਵੈੱਬ ਕਾਸਟਿੰਗ ਹੋਵੇਗੀ। ਡਾ: ਐਸ.ਕਰੁਣਾ ਰਾਜੂ ਨੇ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਚਿੰਤਾਵਾਂ, ਵਿਸ਼ੇਸ਼ ਸੋਧਾਂ ਤੇ ਚੋਣ ਤਿਆਰੀਆਂ ਬਾਰੇ ਜਾਣਨ ਲਈ ਪਿਛਲੇ ਹਫ਼ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।
ਚੋਣਾਂ ਦੌਰਾਨ ਸੁਰੱਖਿਆ ਸਬੰਧੀ ਇਕ ਸਿਆਸੀ ਪਾਰਟੀ ਦੇ ਨੁਮਾਇੰਦੇ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਡਾ. ਰਾਜੂ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਲਈ ਸੁਰੱਖਿਆ ਪਹਿਲੂਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੇਂਦਰੀ ਪੈਰਾ ਮਿਲਟਰੀ ਫੋਰਸ ਦੀ ਮੰਗ ਵੀ ਕੀਤੀ ਗਈ ਹੈ। ਨਾਜ਼ੁਕ ਪੋਲਿੰਗ ਬੂਥਾਂ ਤੇ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਬਲ ਤਾਇਨਾਤ ਕੀਤੇ ਜਾਣਗੇ।
ਡਾ. ਰਾਜੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਸੂਬੇ ਵਿੱਚ 2.5 ਲੱਖ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਨਵਾਂ ਵੋਟਰ ਬੂਥ ਲੈਵਲ ਅਫ਼ਸਰ ਨਾਲ ਸੰਪਰਕ ਕਰਕੇ ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣੀ ਵੋਟ ਦਰਜ ਕਰਵਾ ਸਕਦਾ ਹੈ।