ਲੁਧਿਆਣਾ : ਤਿੰਨ ਮਹੀਨਿਆਂ ਵਿਚ ਹੀ ਆਂਡੇ ਦੀ ਕੀਮਤ ਵਿਚ 100 ਰੁਪਏ ਪ੍ਰਤੀ ਸੌ ਦਾ ਵਾਧਾ ਹੋਇਆ ਹੈ। ਅਕਤੂਬਰ ਵਿਚ 421 ਰੁਪਏ ਪ੍ਰਤੀ ਸੌ ਦੇ ਹਿਸਾਬ ਨਾਲ ਵਿਕਣ ਵਾਲੇ ਅੰਡੇ ਇਨ੍ਹਾਂ ਦਿਨਾਂ ਵਿਚ 527 ਰੁਪਏ ਪ੍ਰਤੀ ਸੌ ਤਕ ਪਹੁੰਚ ਗਏ ਹਨ। ਅਜਿਹਾ ਸਰਦੀਆਂ ਦੇ ਮੌਸਮ ਕਾਰਨ ਨਹੀਂ ਸਗੋਂ ਮੰਗ ਤੇ ਸਪਲਾਈ ਵਿਚਕਾਰ ਅਸੰਤੁਲਨ ਕਾਰਨ ਹੈ।
ਜੂਨ ਮਹੀਨੇ ਦੀ ਤਿੱਖੀ ਗਰਮੀ ਦੇ ਦਿਨਾਂ ਵਿਚ ਵੀ ਆਂਡਿਆਂ ਦੀ ਕੀਮਤ 500 ਰੁਪਏ ਪ੍ਰਤੀ ਸੌ ਨੂੰ ਪਾਰ ਕਰ ਗਈ ਸੀ। ਇਸ ਦੇ ਨਾਲ ਹੀ ਫਰਵਰੀ ‘ਚ ਠੰਡ ਹੋਣ ਦੇ ਬਾਵਜੂਦ ਆਂਡਿਆਂ ਦਾ ਰੇਟ 398 ਰੁਪਏ ਪ੍ਰਤੀ ਸੌ ਤਕ ਹੀ ਰਿਹਾ। ਲੁਧਿਆਣਾ ਤੋਂ ਦੇਸ਼ ਦੇ ਕਈ ਰਾਜਾਂ ਨੂੰ ਥੋਕ ਵਿਚ ਅੰਡੇ ਸਪਲਾਈ ਕੀਤੇ ਜਾਂਦੇ ਹਨ। ਇਸ ਵਿਚ ਜੰਮੂ, ਹਿਮਾਚਲ, ਬਿਹਾਰ, ਬੰਗਾਲ ਤੇ ਸ੍ਰੀਨਗਰ ਨੂੰ ਸਪਲਾਈ ਦਿੱਤੀ ਜਾਂਦੀ ਹੈ।
ਇਸ ਸਬੰਧੀ ਥੋਕ ਆਂਡਿਆਂ ਦੇ ਵਪਾਰੀ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਸਮੇਂ ਦੇ ਬੀਤਣ ਨਾਲ ਯੂਪੀ ਅਤੇ ਬਿਹਾਰ ਵਿਚ ਪੋਲਟਰੀ ਦਾ ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਹੁਣ ਉੱਥੇ ਸਪਲਾਈ ਘਟਦੀ ਜਾ ਰਹੀ ਹੈ। ਇਸ ਲਈ ਸ੍ਰੀਨਗਰ ਤੇ ਜੰਮੂ ਸਣੇ ਇਲਾਕਿਆਂ ਵਿਚ ਅੱਜ ਵੀ ਸਪਲਾਈ ਜਾਰੀ ਹੈ। ਲੁਧਿਆਣਾ ਨੂੰ ਸਮਰਾਲਾ, ਮਲੇਰਕੋਟਲਾ, ਬਰਨਾਲਾ ਤੇ ਪਠਾਨਕੋਟ ਦੇ ਕੁਝ ਪੋਲਟਰੀ ਫਾਰਮ ਸਪਲਾਈ ਕਰਦੇ ਹਨ।